#INDIA

‘ਡੰਕੀ ਰੂਟ’ ਕੇਸ: ਈ.ਡੀ. ਵੱਲੋਂ ਛਾਪੇਮਾਰੀ ਦੌਰਾਨ ਦਿੱਲੀ ਦੇ ਏਜੰਟ ਕੋਲੋਂ 4 ਕਰੋੜ ਦੀ ਨਕਦੀ ਤੇ 313 ਕਿੱਲੋ ਚਾਂਦੀ ਜ਼ਬਤ

ਨਵੀਂ ਦਿੱਲੀ, 19 ਦਸੰਬਰ (ਪੰਜਾਬ ਮੇਲ)- ਭਾਰਤੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ‘ਡੰਕੀ’ ਰੂਟ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ‘ਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਐੱਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੱਡੀ ਕਾਰਵਾਈ ਕੀਤੀ ਹੈ।
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਤਾਜ਼ਾ ਛਾਪੇਮਾਰੀ ਦੌਰਾਨ 4.62 ਕਰੋੜ ਰੁਪਏ ਦੀ ਨਕਦੀ, 313 ਕਿੱਲੋ ਚਾਂਦੀ ਅਤੇ 6 ਕਿੱਲੋ ਸੋਨਾ ਜ਼ਬਤ ਕੀਤਾ ਗਿਆ ਹੈ।
ਵੀਰਵਾਰ ਨੂੰ ਦਿੱਲੀ, ਪੰਜਾਬ (ਜਲੰਧਰ) ਅਤੇ ਹਰਿਆਣਾ (ਪਾਣੀਪਤ) ਵਿਚ ਇੱਕ ਦਰਜਨ ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਦਿੱਲੀ ਦੇ ਇੱਕ ਟਰੈਵਲ ਏਜੰਟ ਦੇ ਟਿਕਾਣਿਆਂ ਤੋਂ ਕੁੱਲ 19.13 ਕਰੋੜ ਰੁਪਏ ਦੀ ਕੀਮਤ ਦਾ ਸੋਨਾ, ਚਾਂਦੀ ਅਤੇ ਨਕਦੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ, ਜਾਂਚਕਰਤਾਵਾਂ ਨੇ ਫੋਨਾਂ ਅਤੇ ਇਲੈਕਟ੍ਰਾਨਿਕ ਯੰਤਰਾਂ ਤੋਂ ਕਈ ਅਹਿਮ ਚੈਟਾਂ ਵੀ ਬਰਾਮਦ ਕੀਤੀਆਂ ਹਨ।
ਹਰਿਆਣਾ ਦੇ ਇੱਕ ਮੁੱਖ ਮੁਲਜ਼ਮ ਦੇ ਟਿਕਾਣੇ ਤੋਂ ਪਤਾ ਲੱਗਾ ਹੈ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਦੇ ਚਾਹਵਾਨਾਂ ਤੋਂ ਕਮਿਸ਼ਨ ਦੀ ਗਰੰਟੀ ਵਜੋਂ ਉਨ੍ਹਾਂ ਦੀ ਜਾਇਦਾਦ ਦੇ ਦਸਤਾਵੇਜ਼ ਆਪਣੇ ਕੋਲ ਰੱਖਦਾ ਸੀ। ਏਜੰਟ ਭੋਲੇ-ਭਾਲੇ ਲੋਕਾਂ ਨੂੰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਵਸੂਲਦੇ ਸਨ, ਪਰ ਉਨ੍ਹਾਂ ਨੂੰ ਦੱਖਣੀ ਅਮਰੀਕੀ ਦੇਸ਼ਾਂ ਰਾਹੀਂ ਮੈਕਸੀਕੋ ਸਰਹੱਦ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਕਰਵਾਇਆ ਜਾਂਦਾ ਸੀ।
ਈ.ਡੀ. ਅਨੁਸਾਰ, ਇਸ ਸਫ਼ਰ ਦੌਰਾਨ ਲੋਕਾਂ ‘ਤੇ ਤਸ਼ੱਦਦ ਕੀਤਾ ਜਾਂਦਾ ਸੀ, ਹੋਰ ਪੈਸਿਆਂ ਲਈ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾਂਦਾ ਸੀ ਅਤੇ ਕਈ ਵਾਰ ਗੈਰ-ਕਾਨੂੰਨੀ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।
ਇਹ ਜਾਂਚ ਪੰਜਾਬ ਅਤੇ ਹਰਿਆਣਾ ਪੁਲਿਸ ਵੱਲੋਂ ਦਰਜ ਕੀਤੀਆਂ ਐੱਫ.ਆਈ.ਆਰਜ਼ ‘ਤੇ ਆਧਾਰਿਤ ਹੈ। ਫਰਵਰੀ 2025 ਵਿਚ ਅਮਰੀਕੀ ਸਰਕਾਰ ਨੇ 330 ਭਾਰਤੀਆਂ ਨੂੰ ਫੌਜੀ ਮਾਲਵਾਹਕ ਜਹਾਜ਼ਾਂ ਰਾਹੀਂ ਵਾਪਸ ਭਾਰਤ ਭੇਜਿਆ ਸੀ, ਜੋ ਉੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ। ਦੱਸ ਦੇਈਏ ਕਿ ਅਮਰੀਕਾ ਇਸ ਸਾਲ ਹੁਣ ਤੱਕ 1,500 ਤੋਂ ਵੱਧ ਭਾਰਤੀਆਂ ਨੂੰ ਵਾਪਸ ਡਿਪੋਰਟ ਕਰ ਚੁੱਕਾ ਹੈ।