#AMERICA

ਡੌਂਕੀ ਲਗਾ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ‘ਚ 230 ਭਾਰਤੀ ਫਸੇ

ਨਿਊਯਾਰਕ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ‘ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜੇਕਰ ਇੱਕ ਰਸਤਾ ਬੰਦ ਹੁੰਦਾ ਹੈ, ਤਾਂ ਲੋਕ ਦੂਜੇ ਰਸਤੇ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੁੰਦੇ ਹਨ। ਹਾਲ ਹੀ ਵਿਚ 170 ਗੁਜਰਾਤੀਆਂ ਸਮੇਤ 230 ਦੇ ਕਰੀਬ ਭਾਰਤੀ ਸ਼ਾਰਜਾਹ (ਯੂ.ਏ.ਈ.) ਵਿਚ ਫਸ ਗਏ ਹਨ, ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਫਿਰਾਕ ਵਿਚ ਸਨ। ਏਜੰਟਾਂ ਨੇ ਇਨ੍ਹਾਂ ਨੂੰ ਦੁਬਈ ਤੋਂ ਬ੍ਰਾਜ਼ੀਲ ਲਈ ਇਕ ਚਾਰਟਰਡ ਫਲਾਈਟ ਰਾਹੀਂ ਭੇਜਣ ਦਾ ਵਾਅਦਾ ਕੀਤਾ ਸੀ। ਬ੍ਰਾਜ਼ੀਲ ਤੋਂ ਇਨ੍ਹਾਂ ਨੇ ਸੜਕ ਰਸਤਿਓਂ ਮੈਕਸੀਕੋ ਸਰਹੱਦ ਰਾਹੀਆਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣਾ ਸੀ।
ਇਨ੍ਹਾਂ ਸਾਰਿਆਂ ਨੇ 11 ਦਸੰਬਰ ਨੂੰ ਦੁਬਈ ਤੋਂ ਰਵਾਨਾ ਹੋਣਾ ਸੀ। ਇਸ ਲਈ ਏਜੰਟਾਂ ਨੇ ਚਾਰਟਰਡ ਫਲਾਈਟ ਬੁੱਕ ਕਰਨ ਲਈ ਇਨ੍ਹਾਂ 230 ਲੋਕਾਂ ਤੋਂ ਪਹਿਲਾਂ ਹੀ 3 ਕਰੋੜ ਰੁਪਏ ਲੈ ਲਏ ਸਨ। ਹਾਲਾਂਕਿ ਮੈਕਸੀਕੋ-ਅਮਰੀਕਾ ਸਰਹੱਦ ‘ਤੇ ਸਥਿਤੀਆਂ ਨੂੰ ਲੈ ਕੇ ਚਿੰਤਾਵਾਂ ਕਾਰਨ ਫਲਾਈਟ ਨੂੰ 20 ਦਸੰਬਰ ਲਈ ਮੁਲਤਵੀ ਕਰ ਦਿੱਤਾ ਗਿਆ। ਹਾਲਾਂਕਿ, ਯਾਤਰੀਆਂ ਨੂੰ ਪੱਕਾ ਭਰੋਸਾ ਦਿੱਤਾ ਗਿਆ ਕਿ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਸਾਰਿਆਂ ਨੂੰ ਅਮਰੀਕਾ ਭੇਜਿਆ ਜਾਵੇਗਾ। ਫਿਲਹਾਲ ਇਸ ਸਮੇਂ ਇਹ ਸਾਰੇ ਲੋਕ ਦੁਬਈ ਦੇ ਸ਼ਾਰਜਾਹ ਦੇ ਦਾਨਾ ਹੋਟਲ ਵਿਚ ਠਹਿਰੇ ਹੋਏ ਹਨ।