-ਅੰਗਰੇਜ਼ੀ ਟੈਸਟ ‘ਚ ਫੇਲ੍ਹ ਹੋਏ 7200 ਤੋਂ ਵੱਧ ਪੰਜਾਬੀ ਟਰੱਕ ਡਰਾਈਵਰ ”ਆਊਟ ਆਫ ਸਰਵਿਸ”
ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਰੂਥ ਸੋਸ਼ਲ ‘ਤੇ ਇਕ ਪੋਸਟ ਸ਼ੇਅਰ ਕਰ ਪੰਜਾਬੀ ਡਰਾਈਵਰਾਂ ਨੂੰ ਸਖਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ 7200 ਤੋਂ ਵੱਧ ਪੰਜਾਬੀ ਟਰੱਕ ਡਰਾਈਵਰ ਅੰਗਰੇਜ਼ੀ ਟੈਸਟ ਵਿਚ ਫੇਲ੍ਹ ਹੋ ਗਏ ਅਤੇ ”ਆਊਟ ਆਫ ਸਰਵਿਸ” ਕਰ ਦਿੱਤਾ ਗਿਆ।
ਦੱਸ ਦਈਏ ਕਿ ਅਮਰੀਕਾ ਦੇ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ (ਡੀ.ਓ.ਟੀ.) ਵੱਲੋਂ ਵਪਾਰਕ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਦੀ ਲਾਜ਼ਮੀ ਸ਼ਰਤ ਵਾਲੇ ਫੈਡਰਲ ਨਿਯਮ 49 ਸੀ.ਐੱਫ.ਆਰ. 391.11(ਬੀ)(2) ਦੀ ਸਖ਼ਤੀ ਨਾਲ ਲਾਗੂ ਕਰਨ ਤੋਂ ਬਾਅਦ ਹਜ਼ਾਰਾਂ ਡਰਾਈਵਰਾਂ ਦੀ ਨੌਕਰੀ ‘ਤੇ ਖਤਰਾ ਮੰਡਰਾ ਰਿਹਾ ਹੈ।
ਅਧਿਕਾਰਕ ਅੰਕੜਿਆਂ ਅਨੁਸਾਰ, ਅਕਤੂਬਰ 2025 ਤੱਕ 7,200 ਤੋਂ ਵੱਧ ਵਪਾਰਕ ਟਰੱਕ ਡਰਾਈਵਰਾਂ ਨੂੰ ”ਆਊਟ ਆਫ ਸਰਵਿਸ” ਕਰ ਦਿੱਤਾ ਗਿਆ ਹੈ, ਕਿਉਂਕਿ ਉਹ ਰੋਡਸਾਈਡ ਇੰਗਲਿਸ਼ ਲੈਂਗਵੇਜ ਪ੍ਰੋਫਿਸੈਂਸੀ (ਈ.ਐੱਲ.ਪੀ.) ਟੈਸਟ ਪਾਸ ਕਰਨ ‘ਚ ਅਸਫਲ ਰਹੇ। ਇਹ ਕਾਰਵਾਈ ਉਸ ਸਮੇਂ ਸ਼ੁਰੂ ਹੋਈ, ਜਦੋਂ ਭਾਰਤੀ ਮੂਲ ਦੇ ਡਰਾਈਵਰਾਂ ਨਾਲ ਜੁੜੀਆਂ ਕਈ ਮਾਰੂਕ ਹਾਦਸਿਆਂ ਨੇ ਅਮਰੀਕੀ ਹਾਈਵੇ ਸੁਰੱਖਿਆ ‘ਤੇ ਸਵਾਲ ਖੜ੍ਹੇ ਕੀਤੇ।
ਡੀ.ਓ.ਟੀ. ਵੱਲੋਂ ਕਿਹਾ ਗਿਆ ਹੈ ਕਿ ਇਹ ਨੀਤੀ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ, ਪਰ ਇਮੀਗ੍ਰੈਂਟ ਡਰਾਈਵਰਾਂ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਇਸ ਨੂੰ ਭੇਦਭਾਵਪੂਰਨ ਕਰਾਰ ਦਿੱਤਾ ਹੈ। ਉਨ੍ਹਾਂ ਦਾ ਮਤ ਹੈ ਕਿ ਇਸ ਸਖ਼ਤ ਨੀਤੀ ਨਾਲ ਭਾਰਤੀ ਮੂਲ ਅਤੇ ਲਾਤੀਨੀ ਡਰਾਈਵਰਾਂ ‘ਤੇ ਅਸੰਗਤ ਪ੍ਰਭਾਵ ਪੈਂਦਾ ਹੈ, ਜਿਸ ਨਾਲ ਸਪਲਾਈ ਚੇਨ ਵਿਚ ਵੀ ਵਿਘਨ ਪੈ ਸਕਦਾ ਹੈ।
ਡੋਨਾਲਡ ਟਰੰਪ ਵੱਲੋਂ ਪੰਜਾਬੀ ਡਰਾਈਵਰਾਂ ਲਈ ਸਖਤ ਸੰਦੇਸ਼ ਜਾਰੀ

