#AMERICA

ਡੋਨਾਲਡ ਟਰੰਪ 2026 ‘ਚ ਗੈਰ ਕਾਨੂੰਨੀ ਲੋਕਾਂ ਨੂੰ ਕੱਢਣ ਲਈ ਹੂੰਝਾ ਫੇਰ ਮੁਹਿੰਮ ਚਲਾਉਣਗੇ

ਵਾਸ਼ਿੰਗਟਨ ਡੀ.ਸੀ., 24 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੱਤਾ ਸੰਭਾਲਣ ਤੋਂ ਬਾਅਦ ਸਾਲ 2025 ਦੌਰਾਨ ਇਥੇ ਰਹਿ ਰਹੇ ਗੈਰ ਕਾਨੂੰਨੀ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਵੱਡੀ ਮੁਹਿੰਮ ਵਿੱਢੀ। ਜਿਸ ਨਾਲ ਅਮਰੀਕਾ ਦੇ ਨਾਲ ਲੱਗਦੇ ਬਾਰਡਰ ਸੀਲ ਕਰ ਦਿੱਤੇ ਗਏ ਅਤੇ ਇਥੇ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਲੱਖਾਂ ਲੋਕਾਂ ਨੂੰ ਆਪਣੇ ਦੇਸ਼ਾਂ ਵਿਚ ਵਾਪਸ ਭੇਜ ਦਿੱਤਾ ਗਿਆ। ਪਰ ਹੁਣ ਆਉਣ ਵਾਲੇ ਨਵੇਂ ਸਾਲ 2026 ਵਿਚ ਵੱਡੇ ਬਜਟ ਦੀ ਨਵੀਂ ਫੰਡਿੰਗ ਨਾਲ ਇੱਕ ਹੋਰ ਹਮਲਾਵਰ ਇੰਮੀਗ੍ਰੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਭਾਵ ਕਿ ਹੁਣ ICE ਅਤੇ ਬਾਰਡਰ ਪੈਟਰੋਲ ਨੂੰ ਸਤੰਬਰ 2029 ਤੱਕ 170 ਬਿਲੀਅਨ ਡਾਲਰ ਵਾਧੂ ਫੰਡ ਮਿਲਣਗੇ, ਜੋ ਕਿ ਪਹਿਲਾਂ ਜਾਰੀ ਫੰਡਾਂ ਨਾਲੋਂ ਕਿਤੇ ਵੱਧ ਹਨ। ਇਸ ਨਾਲ ਅਮਰੀਕਾ ਵਿਚ ਪੂਰਨ ਤੌਰ ‘ਤੇ ਗੈਰ ਕਾਨੂੰਨੀ ਲੋਕਾਂ ਦੇ ਰਹਿਣ ‘ਤੇ ਪਾਬੰਦੀ ਹੋ ਜਾਵੇਗੀ ਅਤੇ ਇਥੇ ਸਿਰਫ ਕਾਨੂੰਨੀ ਤੌਰ ‘ਤੇ ਆਏ ਲੋਕ ਹੀ ਰਹਿ ਸਕਣਗੇ।
ਪ੍ਰਸ਼ਾਸਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਜ਼ਾਰਾਂ ਹੋਰ ਏਜੰਟਾਂ ਨੂੰ ਨਿਯੁਕਤ ਕਰਨ, ਨਵੇਂ ਨਜ਼ਰਬੰਦੀ ਕੇਂਦਰ ਖੋਲ੍ਹਣ, ਸਥਾਨਕ ਜੇਲ੍ਹਾਂ ਵਿਚ ਹੋਰ ਪ੍ਰਵਾਸੀਆਂ ਨੂੰ ਡੱਕਣ ਅਤੇ ਕਾਨੂੰਨੀ ਸਟੇਟਸ ਤੋਂ ਬਿਨਾਂ ਲੋਕਾਂ ਦਾ ਪਤਾ ਲਗਾਉਣ ਲਈ ਬਾਹਰੀ ਕੰਪਨੀਆਂ ਨਾਲ ਭਾਈਵਾਲ ਕਰਨ ਦੀ ਯੋਜਨਾ ਬਣਾ ਰਹੇ ਹਨ।
ਭਾਵੇਂ ਕਿ ਇਸ ਕਾਰਵਾਈ ਨਾਲ ਪਿਛਲੇ ਸਮੇਂ ਦੌਰਾਨ ਹੋਈਆਂ ਕੁੱਝ ਸਟੇਟਾਂ ਵਿਚ ਚੋਣਾਂ ਪ੍ਰਭਾਵਿਤ ਹੋਈਆਂ ਹਨ ਅਤੇ ਉਥੇ ਰਿਪਬਲੀਕਨ ਪਾਰਟੀ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਇਸ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਰਾਸ਼ਟਰਪਤੀ ਟਰੰਪ ਨੇ ਆਪਣਾ ਸਖਤੀ ਵਾਲਾ ਰਵੱਈਆ ਜਾਰੀ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਘੱਟੋ-ਘੱਟ 10 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਰ ਸਾਲ ਦੇਸ਼ ‘ਚੋਂ ਕੱਢਣਗੇ।
ਜ਼ਿਕਰਯੋਗ ਹੈ ਕਿ ਨਵੰਬਰ 2026 ਵਿਚ ਵੀ ਮੱਧਕਾਲੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦਾ ਪ੍ਰਭਾਵ ਉਥੇ ਵੀ ਪੈ ਸਕਦਾ ਹੈ।
ਟੌਮ ਹੋਮਨ ਅਨੁਸਾਰ ਟਰੰਪ ਨੇ ਇਤਿਹਾਸਕ ਦੇਸ਼ ਨਿਕਾਲੇ ਦੀ ਕਾਰਵਾਈ ਅਤੇ ਅਪਰਾਧੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਜਦੋਂਕਿ ਯੂ.ਐੱਸ.-ਮੈਕਸੀਕੋ ਸਰਹੱਦ ‘ਤੇ ਗੈਰ ਕਾਨੂੰਨੀ ਇੰਮੀਗ੍ਰੇਸ਼ਨ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਗ੍ਰਿਫ਼ਤਾਰੀਆਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਵੱਧ ਹੋਵੇਗੀ। ICE ਹੋਰ ਅਧਿਕਾਰੀਆਂ ਨੂੰ ਨਿਯੁਕਤ ਕਰ ਰਿਹਾ ਹੈ। ਨਵੇਂ ਫੰਡਿੰਗ ਨਾਲ ਨਜ਼ਰਬੰਦੀ ਵਿਵਸਥਾ ਦਾ ਵਿਸਥਾਰ ਹੋ ਰਿਹਾ ਹੈ।