– ਕਿਹਾ ਰਾਸ਼ਟਰਪਤੀ ਸਾਡੀਆਂ ਸਮੱਸਿਆਵਾਂ ਨੂੰ ਭਲੀਭਾਂਤ ਜਾਣਦੇ ਹਨ
ਸੈਕਰਾਮੈਂਟੋ, 11 ਜੁਲਾਈ (ਹੁਸਨ ਲੜਆ ਬੰਗਾ/ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਬਹਿਸ ਤੋਂ ਬਆਦ ਕੁਝ ਡੈਮੋਕਰੈਟਸ ਵੱਲੋਂ ਜੋਅ ਬਾਇਡਨ ਨੂੰ ਮੁਕਾਬਲੇ ਵਿਚੋਂ ਹਟ ਜਾਣ ਦੀ ਦਿੱਤੀ ਜਾ ਰਹੀ ਸਲਾਹ ਦੇ ਦਰਮਿਆਨ ਭਾਰਤੀ ਮੂਲ ਦੇ ਮਿਸ਼ੀਗਨ ਰਾਜ ਦੇ ਡੈਟਰਾਇਟ ਖੇਤਰ ਦੇ ਸੰਸਦ ਮੈਂਬਰ ਸ਼੍ਰੀ ਥਾਨੇਦਾਰ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਦੁਬਾਰਾ ਚੋਣ ਲੜਨ ਦਾ ਜ਼ੋਰਦਾਰ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਉਹ ਸਾਡੀਆਂ ਸਮਸਿਆਵਾਂ ਨੂੰ ਭਲੀਭਾਂਤ ਜਾਣਦੇ ਹਨ। ਅਹਿਮ ਰਾਜ ਮਿਸ਼ੀਗਨ ਦੇ ਸੰਸਦ ਮੈਂਬਰ ਸ਼੍ਰੀ ਥਾਨੇਦਾਰ ਦੇ ਸਮਰਥਨ ਦੀ ਵੱਡੀ ਅਹਿਮੀਅਤ ਹੈ। ਉਨ੍ਹਾਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ”ਕੁਝ ਮਹੀਨੇ ਪਹਿਲਾਂ ਮੈਂ ਰਾਸ਼ਟਰਪਤੀ ਬਾਇਡਨ ਤੋਂ ਕੋਈ 20 ਫੁੱਟ ਦੂਰ ਬੈਠਾ ਸੀ ਤੇ ਕੋਈ ਇਕ ਘੰਟਾ ਸਾਡੇ ਦੇਸ਼ ਦੇ ਭਵਿੱਖ ਪ੍ਰਤੀ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆ। ਇਸ ਤੋਂ ਇਲਾਵਾ ਉਨ੍ਹਾਂ ਨਾਲ ਕਈ ਵਾਰ ਆਹਮੋ-ਸਾਹਮਣੇ ਗੱਲਬਾਤ ਹੋਈ ਹੈ। ਉਹ ਸਾਨੂੰ ਦਰਪੇਸ਼ ਸਮਸਿਆਵਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹਨ। ਇਹ ਉਹ ਹੀ ਵਿਅਕਤੀ ਹਨ, ਜਿਸ ਨੂੰ ਅਸੀਂ 2020 ਵਿਚ ਚੁਣਿਆ ਸੀ। ਉਹ ਆਧੁਨਿਕ ਸਮੇਂ ਵਿਚ ਬਹੁਤ ਹੀ ਪ੍ਰਭਾਵੀ ਆਗੂ ਹਨ।” ਸ਼੍ਰੀ ਥਾਨੇਦਾਰ ਨੇ ਬਾਇਡਨ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਕੀਤੀਆਂ ਪ੍ਰਾਪਤੀਆਂ ਵੀ ਗਿਣਾਈਆਂ। ਉਨ੍ਹਾਂ ਕਿਹਾ ਕਿ ਹੋਰ ਪ੍ਰਾਪਤੀਆਂ ਤੋਂ ਇਲਾਵਾ ਬੁਨਿਆਦੀ ਸਹੂਲਤਾਂ ਦੇ ਖੇਤਰ ਵਿਚ ਰਿਕਾਰਡ ਖਰਚ ਹੋਇਆ ਹੈ। ਥਾਨੇਦਾਰ ਨੇ ਕਿਹਾ ਕਿ ਅਜੇ ਬਹੁਤ ਕੁਝ ਕਰਨ ਵਾਲਾ ਬਾਕੀ ਹੈ ਤੇ ਸਾਨੂੰ ਵਿਸ਼ੇਸ਼ ਤੌਰ ‘ਤੇ ਹਾਊਸਿੰਗ ਵਰਗੇ ਖੇਤਰਾਂ ਵਿਚ ਹੋਰ ਸੰਘੀ ਨਿਵੇਸ਼ ਦੀ ਲੋੜ ਹੈ। ਮੈ ਇਸ ਬਾਰੇ ਸਪੱਸ਼ਟ ਹਾਂ ਕਿ ਰਾਸ਼ਟਰਪਤੀ ਬਾਇਡਨ ਸਾਡੇ ਜ਼ਿਲ੍ਹੇ ‘ਤੇ ਹੋਰ ਸੰਘੀ ਡਾਲਰਾਂ ਦੀ ਬਾਰਿਸ਼ ਕਰਨਗੇ, ਜਦਕਿ ਟਰੰਪ ਕੇਵਲ ਅਮੀਰਾਂ ਨੂੰ ਟੈਕਸ ਰਾਹਤ ਦੇਣ ਤੱਕ ਹੀ ਸੀਮਿਤ ਹਨ।