ਕੈਲਗਰੀ, 20 ਫਰਵਰੀ (ਜਸਵਿੰਦਰ ਸਿੰਘ ਰੁਪਾਲ/ਪੰਜਾਬ ਮੇਲ)- ਕੈਲਗਰੀ ਦੇ ਵਿਗਿਆਨਕ ਅਤੇ ਗੁਰਸਿੱਖ ਵਿਦਵਾਨ ਡਾਕਟਰ ਸੁਰਜੀਤ ਸਿੰਘ ਭੱਟੀ, ਰਿਟਾਇਰਡ ਡੀਨ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ ਅਤੇ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਨ। ਪ੍ਰੋ. ਡਾ. ਸੁਰਜੀਤ ਸਿੰਘ ਭੱਟੀ, ਜਿਨ੍ਹਾਂ ਦਾ ਜਨਮ 1943 ਵਿਚ ਅੰਮ੍ਰਿਤਸਰ ਦੇ ਪਿੰਡ ਕੋਟ ਖਾਲਸਾ ਵਿਚ ਹੋਇਆ, ਇੱਕ ਅੰਤਰਰਾਸ਼ਟਰੀ ਪੱਧਰ ਦੇ ਭੌਤਿਕ ਵਿਗਿਆਨੀ, ਵਧੀਆ ਸਿੱਖਿਆ ਸ਼ਾਸਤਰੀ, ਕੁਸ਼ਲ ਪ੍ਰਬੰਧਕ ਅਤੇ ਸਿੱਖ ਵਿਦਵਾਨ ਸਨ। ਉਨ੍ਹਾਂ ਦਾ ਬਚਪਨ ਲਾਹੌਰ ਵਿਚ ਬੀਤਿਆ, ਜਿੱਥੇ ਉਨ੍ਹਾਂ ਦੇ ਪਿਤਾ ਸਰਦਾਰ ਬਲਬੀਰ ਸਿੰਘ ਪੰਜਾਬ ਪੁਲਿਸ ਵਿਚ ਅਫ਼ਸਰ ਸਨ ਅਤੇ ਬਾਅਦ ਵਿਚ ਭਾਰਤੀ ਫੌਜ ਨਾਲ ਜੁੜੇ। ਫੌਜੀ ਪਰਿਵਾਰ ਹੋਣ ਕਰਕੇ ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਪੁਣੇ, ਜਬਲਪੁਰ ਅਤੇ ਅਲਾਹਾਬਾਦ ਵਿਚ ਪੜ੍ਹਾਈ ਕੀਤੀ। ਨੌਜਵਾਨ ਦੌਰ ਵਿਚ ਉਨ੍ਹਾਂ ਦੀ ਐੱਨ.ਡੀ.ਏ. ਖਡਕਵਾਸਲਾ ਵਿਚ ਚੋਣ ਹੋਈ ਤੇ ਉਹ ਕਮਿਸ਼ਨ ਪ੍ਰਾਪਤ ਕਰਨ ਵਾਲੇ ਸਨ, ਪਰ ਉਨ੍ਹਾਂ ਦੇ ਪਿਤਾ ਦੀ ਸਲਾਹ ‘ਤੇ ਉਨ੍ਹਾਂ ਨੇ ਅੱਗੇ ਵਿਦਿਆ ਦਾ ਰਾਹ ਚੁਣਿਆ। ਇਹ ਫੈਸਲਾ ਉਨ੍ਹਾਂ ਦੇ ਜੀਵਨ ਦਾ ਅਸਲ ਮੋੜ ਸਾਬਤ ਹੋਇਆ। ਉਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਫਿਜ਼ੀਕਸ ਵਿਚ ਪੀ.ਐੱਚ.ਡੀ. (1969) ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਇਟਲੀ, ਪੈਰਿਸ ਅਤੇ ਯੂ.ਐੱਸ.ਏ. ਤੋਂ ਵੱਖ-ਵੱਖ ਪ੍ਰਸਿੱਧ ਫੈਲੋਸ਼ਿਪ ਪੂਰੀਆਂ ਕੀਤੀਆਂ। 1972 ਵਿਚ ਡਾ. ਭੱਟੀ ਨੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਸ਼ਾਮਲ ਹੋ ਕੇ ਫਿਜ਼ੀਕਸ ਵਿਭਾਗ ਦੇ ਮੁਖੀ ਪ੍ਰੋਫੈਸਰ ਵਜੋਂ ਅਤੇ ਫੇਰ ਡੀਨ ਵਜੋਂ ਇੱਥੋਂ ਹੀ 2003 ਵਿਚ ਰਿਟਾਇਰ ਹੋਏ।
ਸਿੱਖਿਆ ਸ਼ਾਸਤਰੀ ਵਜੋਂ ਉਹ ਬੀ.ਕੇ.ਐੱਸ. ਇੰਜੀਨੀਅਰਿੰਗ ਕਾਲਜ ਅੰਮ੍ਰਿਤਸਰ ਦੇ ਸੰਸਥਾਪਕ ਡਾਇਰੈਕਟਰ ਬਣੇ ਅਤੇ ਬੜੂ ਸਾਹਿਬ ਕਾਲਜ ਆਫ ਇੰਜੀਨੀਅਰਿੰਗ ਨਾਲ ਜੁੜ ਕੇ ਅਕਾਲ ਇਟਰਨਲ ਯੂਨੀਵਰਸਿਟੀ ਦੇ ਵਿਕਾਸ ਵਿਚ ਮੁੱਖ ਭੂਮਿਕਾ ਨਿਭਾਈ। ਆਦੇਸ਼ ਇੰਜੀਨੀਅਰਿੰਗ ਇੰਸਟੀਚਿਊਟ ਦੇ ਡਾਇਰੈਕਟਰ ਪ੍ਰਿੰਸੀਪਲ ਵੀ ਰਹੇ। ਆਪਣੇ 40 ਸਾਲਾਂ ਦੇ ਅਕਾਦਮਿਕ ਜੀਵਨ ਦੌਰਾਨ 17 ਪੀ.ਐੱਚ.ਡੀ. ਅਤੇ 35 ਐੱਮ.ਐੱਸ.ਸੀ. ਅਤੇ ਕਈ ਪੋਸਟ ਡਾਕਟਰੇਟ ਫੈਲੋਜ਼ ਦੀ ਰਹਿਨੁਮਾਈ ਕੀਤੀ। ਉਨ੍ਹਾਂ ਨੇ 6 ਵੱਡੇ ਖੋਜ ਪ੍ਰੋਜੈਕਟ ਪੂਰੇ ਕੀਤੇ, 100 ਤੋਂ ਵੱਧ ਖੋਜ ਪੱਤਰ ਅੰਤਰਰਾਸ਼ਟਰੀ ਜਰਨਲਾਂ ਲਈ ਲਿਖੇ ਅਤੇ 3 ਪਾਠ ਪੁਸਤਕਾਂ ਵੀ ਲਿਖੀਆਂ। ਉਨ੍ਹਾਂ ਨੂੰ ਵਿਗਿਆਨਕ ਖੋਜਾਂ ਵਿਚ ਉੱਚ ਯੋਗਦਾਨ ਲਈ ਕਈ ਮਾਣ-ਸਨਮਾਨ ਮਿਲੇ, ਜਿਨ੍ਹਾਂ ਵਿਚ ਅਲਟਰਾਸੋਨਿਕ ਸੋਸਾਇਟੀ ਆਫ ਇੰਡੀਆ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਮੁੱਖ ਹੈ। ਉਹ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਅਤੇ ਟਾਟਾ ਇੰਸਟੀਚਿਊਟ ਦੇ ਬੋਰਡ ਅਤੇ ਸੈਨੇਟ ਦੇ ਮੈਂਬਰ ਵੀ ਰਹੇ। ਵਿਗਿਆਨ ਦੇ ਨਾਲ-ਨਾਲ ਡਾਕਟਰ ਭੱਟੀ ਨੇ ਗੁਰਮਤਿ ਸਿਧਾਂਤ ਅਤੇ ਫਲਸਫੇ ਦੇ ਪ੍ਰਸਾਰ ਲਈ ਵੀ ਭਰਪੂਰ ਯੋਗਦਾਨ ਪਾਇਆ। ਕੋਵਿਡ ਦੌਰਾਨ ਆਪਣੇ ਬੇਟੇ ਨੂੰ ਪ੍ਰੇਰਿਤ ਕਰਕੇ ਆਨਲਾਈਨ ਗੁਰਮਤਿ ਫੋਰਮ-ਈ ਦੀਵਾਨ ਸੋਸਾਇਟੀ ਸ਼ੁਰੂ ਕਰਵਾਈ। ਜਿਹੜੀ ਹੁਣ ਵੀ ਸਿੱਖ ਵਿਦਵਾਨਾਂ ਦੀ ਵਾਰਤਾ ਕਰਵਾਉਂਦੀ ਹੈ। ਇੱਕ ਆਨਲਾਈਨ ਮੈਗਜ਼ੀਨ ਸਾਂਝੀ ਵਿਰਾਸਤ ਦੇ ਮੁੱਖ ਸੰਪਾਦਕ ਰਹੇ, ਜਿਸ ਰਾਹੀਂ ਗੁਰਬਾਣੀ ਦਾ ਵਿਗਿਆਨਕ ਗਿਆਨ ਹੁਣ ਤੱਕ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਇੱਕ ਪੁਸਤਕ ਸਮ ਪ੍ਰੌਮੀਨੈਂਟ ਸਿੱਖ ਸਾਇੰਟਿਸਟ ਲਿਖੀ ਅਤੇ ਇਸਦੇ ਦੂਸਰੇ ਭਾਗ ‘ਤੇ ਕੰਮ ਕਰ ਰਹੇ ਸਨ ਕਿ ਉਨ੍ਹਾਂ ਨੂੰ ਪਰਮੇਸ਼ਰ ਦਾ ਬੁਲਾਵਾ ਆ ਗਿਆ। ਉਨ੍ਹਾਂ ਦੇ ਦੋਵੇਂ ਬੇਟੇ ਡਾਕਟਰ ਬਲਰਾਜ ਸਿੰਘ ਭੱਟੀ ਅਤੇ ਡਾਕਟਰ ਰਾਜਬੀਰ ਸਿੰਘ ਭੱਟੀ ਗੁਰਸਿੱਖ ਹਨ ਅਤੇ ਉੱਚੀਆਂ ਪੋਸਟਾਂ ‘ਤੇ ਕੰਮ ਕਰ ਰਹੇ ਹਨ। ਸਾਰਾ ਪਰਿਵਾਰ ਗੁਰਸਿੱਖੀ ਨੂੰ ਸਮਰਪਿਤ ਹੈ।
ਡਾਕਟਰ ਸੁਰਜੀਤ ਸਿੰਘ ਭੱਟੀ ਕੈਲਗਰੀ ਸਦੀਵੀ ਵਿਛੋੜਾ ਦੇ ਗਏ

