ਲੁਧਿਆਣਾ, 2 ਮਾਰਚ (ਪੰਜਾਬ ਮੇਲ)- ਸਾਹਿਤਕ ਅਤੇ ਕਲਾਤਮਕ ਖੇਤਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਉੱਘੇ ਲਿਖਾਰੀ ਡਾ. ਵਿਜੈ ਗਰਗ ਨੂੰ ਲੁਧਿਆਣਾ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਕਾਰੀ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਇਡੀਅਟ ਕਲੱਬ ਪੰਜਾਬ (ਜੱਸਪਾਲ ਭੱਟੀ ਅਵਾਰਡ) ਵੱਲੋਂ ਕਰਵਾਇਆ ਗਿਆ ਸੀ।
‘ਸੁਰਜੀਤ ਪਾਤਰ ਪੁਰਸਕਾਰ’ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਲੇਖਣੀ ਦੇ ਖੇਤਰ ਵਿਚ ਨਾਮਣਾ ਖੱਟਿਆ ਹੋਵੇ। ਡਾ. ਵਿਜੈ ਗਰਗ ਨੂੰ ਇਹ ਪੁਰਸਕਾਰ ਉਨ੍ਹਾਂ ਦੀਆਂ ਸ਼ਾਨਦਾਰ ਸਾਹਿਤਕ ਰਚਨਾਵਾਂ ਲਈ ਦਿੱਤਾ ਗਿਆ ਹੈ।
ਇਸ ਸਮਾਗਮ ਦੌਰਾਨ ਡਾ. ਗਰਗ ਸਮੇਤ ਵੱਖ-ਵੱਖ ਕਲਾਵਾਂ ਨਾਲ ਜੁੜੇ 10 ਪ੍ਰਮੁੱਖ ਕਲਾਕਾਰਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਅਵਾਰਡ ਦੇ ਕੇ ਨਿਵਾਜਿਆ ਗਿਆ।
ਸਨਮਾਨ ਹਾਸਲ ਕਰਨ ਤੋਂ ਬਾਅਦ ਡਾ. ਵਿਜੈ ਗਰਗ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਰਜੀਤ ਪਾਤਰ ਜੀ ਵਰਗੇ ਮਹਾਨ ਸ਼ਾਇਰ ਦੇ ਨਾਂ ‘ਤੇ ਅਵਾਰਡ ਮਿਲਣਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ।
ਸਵਰਗੀ ਜਸਪਾਲ ਭੱਟੀ ਦੀ ਯਾਦ ਵਿਚ ਸਰਗਰਮ ‘ਇਡੀਅਟ ਕਲੱਬ ਪੰਜਾਬ’ ਹਰ ਸਾਲ ਵੱਖ-ਵੱਖ ਖੇਤਰਾਂ ਵਿਚ ਸਮਾਜ ਨੂੰ ਸੇਧ ਦੇਣ ਵਾਲੇ ਕਲਾਕਾਰਾਂ ਅਤੇ ਲਿਖਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਸਮਾਗਮ ਉਲੀਕਦਾ ਹੈ। ਇਸ ਵਾਰ ਵੀ ਇਹ ਸਮਾਗਮ ਕਲਾ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਰਿਹਾ।
ਡਾ. ਵਿਜੈ ਗਰਗ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨਿਤ

