#CANADA

ਡਾ. ਬਲਜਿੰਦਰ ਸੇਖੋਂ ਨੂੰ ਦਿੱਤੀ ਗਈ ਪ੍ਰਭਾਵਸ਼ਾਲੀ ਭਾਵ-ਭਿੰਨੀ ਸ਼ਰਧਾਂਜਲੀ

ਬਰੈਂਪਟਨ, 11 ਅਗਸਤ (ਡਾ. ਝੰਡ/ਪੰਜਾਬ ਮੇਲ) -ਡਾ. ਬਲਜਿੰਦਰ ਸਿੰਘ ਸੇਖੋਂ ਜੋ 30 ਜੂਨ ਨੂੰ ਪੰਜਾਬ ਦੇ ਬਠਿੰਡਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਨੂੰ ਯਾਦ ਕਰਦਿਆਂ ਐਤਵਾਰ 27 ਜੁਲਾਈ ਨੂੰ ‘ਐੱਮਬੈਸੀ ਗਰੈਂਡ ਕਨਵੈਨਸ਼ਨ ਸੈਂਟਰ’ ਵਿਚ ਰੱਖੇ ਗਏ ਸ਼ਰਧਾਂਜਲੀ ਸਮਾਗ਼ਮ ਵਿਚ ਬਰੈਂਪਟਨ ਦੀਆਂ ਸਾਹਿਤਕ, ਸਮਾਜਿਕ, ਸੱਭਿਆਚਾਰਕ ਤੇ ਹੋਰ ਕਈ ਜੱਥੇਬੰਦੀਆਂ ਵੱਲੋਂ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ ਗਈ। ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਕਿੱਤੇ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਲੰਮਾਂ ਸਮਾਂ ਰਹੇ ਕੀਟ-ਵਿਗਿਆਨ ਦੇ ਪ੍ਰੋਫ਼ੈਸਰ, ਸੋਚ ਪੱਖੋਂ ਤਰਕਸ਼ੀਲ ਅਤੇ ਸ਼ੌਕ ਵਜੋਂ ਲੇਖਕ ਤੇ ਪੱਤਰਕਾਰ ਡਾ. ਬਲਜਿੰਦਰ ਸੇਖੋਂ ਦੇ ਇਸ ਪ੍ਰਭਾਵਸ਼ਾਲੀ ਸ਼ਰਧਾਂਜਲੀ ਵਿਚ ਬਰੈਂਪਟਨ ਦੀਆਂ ਦਰਜਨ ਤੋਂ ਵਧੇਰੇ ਜਥੇਬੰਦੀਆਂ ਦੇ ਆਗੂਆਂ ਅਤੇ ਅਹਿਮ ਸ਼ਖਸੀਅਤਾਂ ਨੇ ਸਮਾਗ਼ਮ ‘ਚ ਸ਼ਾਮਲ ਸਰੋਤਿਆਂ ਨੂੰ ਸੰਬੋਧਨ ਕੀਤਾ।
ਬੁਲਾਰਿਆਂ ਵਿਚ ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਦੇ ਕੌਮੀ ਪ੍ਰਧਾਨ ਬਲਦੇਵ ਰਹਿਪਾ, ਮੀਤ-ਪ੍ਰਧਾਨ ਬਲਵਿੰਦਰ ਸਿੰਘ ਬਰਨਾਲਾ, ਅਮਰਦੀਪ, ਸੋਹਨ ਢੀਂਡਸਾ, ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਤੋਂ ਕੁਲਵਿੰਦਰ ਖਹਿਰਾ, ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਤੋਂ ਮਲੂਕ ਸਿੰਘ ਕਾਹਲੋਂ, ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼’ ਤੋਂ ਜੰਗੀਰ ਸਿੰਘ ਸੈਂਹਬੀ, ‘ਸਰੋਕਾਰਾਂ ਦੀ ਆਵਾਜ਼’ ਤੋਂ ਹਰਬੰਸ ਸਿੰਘ, ਕੈਨੇਡੀਅਨ ਪੰਜਾਬੀ ਕਲਚਰਲ ਸੋਸਾਇਟੀ ਓਨਟਾਰੀਓ ਤੋਂ ਡਾ. ਹਰਦੀਪ ਸਿੰਘ ਅਟਵਾਲ, ‘ਪੰਜਾਬੀ ਸੱਭਿਆਚਾਰ ਮੰਚ’ ਤੋਂ ਬਲਦੇਵ ਸਿੰਘ ਸਹਿਦੇਵ, ‘ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਿਨੀ ਐਸੋਸੀਏਸ਼ਨ ਤੋਂ ਪਰਮਜੀਤ ਸਿੰਘ ਗਿੱਲ, ‘ਪੰਜਾਬ ਆਰਟਸ ਐਸੋਸੀਏਸ਼ਨ ਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ’ ਤੋਂ ਕੁਲਦੀਪ ਸਿੰਘ ਰੰਧਾਵਾ, ‘ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ’ ਤੋਂ ਪ੍ਰੋ. ਜਗੀਰ ਸਿੰਘ ਕਾਹਲੋਂ, ‘ਰੇਡੀਓ ਸਰਗਮ’ ਦੇ ਸੰਚਾਲਕ ਡਾ. ਬਲਵਿੰਦਰ ਧਾਲੀਵਾਲ, ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਸਮਾਜ-ਸੇਵਕ ਇੰਦਰਜੀਤ ਸਿੰਘ ਬੱਲ, ਡਾ. ਸੇਖੋਂ ਦੇ ਦੋਸਤ ਤੇ ਕਈ ਹੋਰ ਸ਼ਾਮਲ ਸਨ। ਆਪਣੇ ਸੰਬੋਧਨਾਂ ਵਿਚ ਉਨ੍ਹਾਂ ਵੱਲੋਂ ਡਾ. ਸੇਖੋਂ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਨੂੰ ਬਾਖ਼ੂਬੀ ਯਾਦ ਕੀਤਾ ਗਿਆ। ਰੇਡੀਓ ‘ਪੰਜਾਬ ਦੀ ਗੂੰਜ’ ਦੇ ਸੰਚਾਲਕ ਕੁਲਦੀਪ ਦੀਪਕ ਜੋ ਉਸ ਦਿਨ ਬਰੈਂਪਟਨ ਤੋਂ ਬਾਹਰ ਹੋਣ ਕਾਰਨ ਸ਼ਰਧਾਂਜਲੀ ਸਮਾਗ਼ਮ ਵਿਚ ਸ਼ਾਮਲ ਨਾ ਹੋ ਸਕੇ, ਨੇ ਆਪਣਾ ਸ਼ੋਕ-ਸੁਨੇਹਾ ਬਲਦੇਵ ਰਹਿਪਾ ਨੂੰ ਵੱਟਸੈਪ ‘ਤੇ ਆਡੀਓ ਮੈਸੇਜ ਰਾਹੀਂ ਭੇਜਿਆ। ਇਸ ਦੌਰਾਨ ਦੇਸ਼-ਵਿਦੇਸ਼ ਤੋਂ ਹੋਰ ਵੀ ਕਈ ਸ਼ੋਕ-ਸੰਦੇਸ਼ ਪਹੁੰਚੇ ਜੋ ਸਟੇਜ-ਸਕੱਤਰ ਅਮਰਦੀਪ ਵੱਲੋਂ ਪੜ੍ਹ ਕੇ ਸੁਣਾਏ ਗਏ।
ਸ਼ੋਕ ਸਮਾਗਮ ‘ਚ ਸਾਮਲ ਹੋਏ ਡਾ: ਸੇਖੋਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਨੂੰਹ ਕਮਲ ਸੇਖੋਂ ਨੇ ਸਮਾਗ਼ਮ ਵਿਚ ਪਹੁੰਚੇ ਡਾ. ਸੇਖੋਂ ਦੇ ਸਭਨਾਂ ਹਿਤੈਸ਼ੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਸੋਚ ਤੇ ਮਿਸ਼ਨ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਡਾ. ਸੇਖੋਂ ਦੀਆ ਲਿਖੀਆਂ ਹੋਈਆਂ ਪੁਸਤਕਾਂ ਵੀ ਪੜ੍ਹਨ ਦੀ ਅਪੀਲ ਕੀਤੀ ਗਈ। ਵੱਡੀ ਗਿਣਤੀ ਵਿਚ ਸੱਜਣ-ਸਨੇਹੀਆਂ ਤੇ ਪਤਵੰਤਿਆਂ ਵੱਲੋਂ ਇਸ ਸ਼ੋਕ-ਸਮਾਗ਼ਮ ਵਿਚ ਹਾਜ਼ਰੀ ਲਵਾਈ ਗਈ। ਬਲਦੇਵ ਸਿੰਘ ਰਹਿਪਾ ਵੱਲੋਂ ਸਮੂਹ ਜੱਥੇਬੰਦੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਵਧੀਆ ਸੇਵਾਵਾਂ ਦੇਣ ਲਈ ਉਨ੍ਹਾਂ ਨੇ ਐੱਮਬੈਸੀ ਗਰੈਂਡ ਕਨਵੈਨਸ਼ਨ ਸੈਂਟਰ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ। ਸਮਾਗ਼ਮ ਦੌਰਾਨ ਪ੍ਰਬੰਧਕਾਂ ਵੱਲੋਂ ਮਿੱਠੇ ਤੇ ਨਮਕੀਨ ਲੰਗਰ ਦਾ ਪ੍ਰਬੰਧ ਕੀਤਾ ਗਿਆ।