ਬੀਤੀ 19 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ ਮੌਤ
ਡਾ.ਓਬਰਾਏ ਨੇ ਹੁਣ ਤੱਕ 367 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਏ
ਅੰਮ੍ਰਿਤਸਰ, 17 ਅਗਸਤ (ਪੰਜਾਬ ਮੇਲ)- ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜਾਂ ਕਾਰਨ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਬੀਤੇ ਦਿਨ ਮਲੇਰਕੋਟਲਾ ਨੇੜਲੇ ਪਿੰਡ ਮਹੌਲੀ ਖੁਰਦ ਦੇ 38 ਸਾਲਾ ਮੁਹੰਮਦ ਰਫ਼ੀਕ ਪੁੱਤਰ ਮੁਹੰਮਦ ਸਤਾਰ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਮੁਹੰਮਦ ਰਫ਼ੀਕ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਵੱਖ-ਵੱਖ ਖਾੜੀ ਮੁਲਕਾਂ ‘ਚ ਕੰਮ ਕਰਨ ਉਪਰੰਤ ਕਰੀਬ ਡੇਢ ਸਾਲ ਪਹਿਲਾਂ ਬਤੌਰ ਲੱਕੜ ਦਾ ਕਾਰੀਗਰ ਦੁਬਈ ਆਇਆ ਸੀ। ਜਿਸ ਦੀ ਬੀਤੀ 19 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਡਾ.ਓਬਰਾਏ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਸਬੰਧੀ ਉਨਾਂ ਨੂੰ ਭਾਰਤੀ ਦੂਤਾਵਾਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਜਿਸ ਉਪਰੰਤ ਉਨ੍ਹਾਂ ਦੀ ਮਲੇਰਕੋਟਲਾ ਨਾਲ ਸੰਬੰਧਿਤ ਟੀਮ ਨੇ ਪੀੜਤ ਪਰਿਵਾਰ ਨੂੰ ਲੱਭ ਕੇ ਉਨ੍ਹਾਂ ਨੂੰ ਉਹਨਾਂ ਨਾਲ ਵਾਪਰੇ ਇਸ ਦੁਖਾਂਤ ਬਾਰੇ ਜਾਣਕਾਰੀ ਦਿੱਤੀ ਸੀ। ਡਾ. ਉਬਰਾਏ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਜਾਣਕਾਰੀ ਦੇਣ ਉਪਰੰਤ ਉਨ੍ਹਾਂ ਨੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ‘ਚ ਦੁਬਈ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮੁਹੰਮਦ ਰਫ਼ੀਕ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਭਾਰਤੀ ਦੂਤਾਵਾਸ ਵੱਲੋਂ ਕੀਤਾ ਗਿਆ ਹੈ ।
ਮੁਹੰਮਦ ਰਫ਼ੀਕ ਦਾ ਮ੍ਰਿਤਕ ਸਰੀਰ ਲੈਣ ਪਹੁੰਚੇ ਉਸ ਦੇ ਚਾਚੇ ਬਾਰੂ ਮੁਹੰਮਦ ਤੇ ਨਜ਼ਦੀਕੀ ਰਿਸ਼ਤੇਦਾਰ ਐਡਵੋਕੇਟ ਮੁਹੰਮਦ ਜਾਵੇਦ ਆਦਿ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਮੁਹੰਮਦ ਰਫ਼ੀਕ ਆਪਣੇ ਘਰ ਦੀ ਗੁਰਬਤ ਨੂੰ ਦੂਰ ਕਰਨ ਲਈ ਦੁਬਈ ਗਿਆ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਕੰਮ ਨੂੰ ਲੈ ਕੇ ਪ੍ਰੇਸ਼ਾਨ ਸੀ, ਜਿਸ ਦੇ ਚਲਦਿਆਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਮੁਹੰਮਦ ਰਫ਼ੀਕ ਦੀ ਮੌਤ ਦਾ ਪਤਾ ਵੀ ਸਰਬੱਤ ਦਾ ਭਲਾ ਟਰੱਸਟ ਰਾਹੀਂ ਹੀ ਲੱਗਾ ਸੀ। ਰਫ਼ੀਕ ਦੇ ਪਰਿਵਾਰਕ ਮੈਂਬਰਾਂ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਦੀ ਬਦੌਲਤ ਹੀ ਪਰਿਵਾਰ ਨੂੰ ਉਸਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।
ਪੀਡ਼ਤ ਪਰਿਵਾਰ ਨਾਲ ਹਵਾਈ ਅੱਡੇ ‘ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰੱਸਟ ਦੀ ਟੀਮ ਵੱਲੋਂ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਵਿੱਤ ਸਕੱਤਰ ਨਵਜੀਤ ਸਿੰਘ ਘਈ ਤੇ ਸੁਖਚੈਨ ਸਿੰਘ ਹੇਰ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 367 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।