#Cricket #SPORTS

ਟੀ20 ਵਿਸ਼ਵ ਕੱਪ: ਪਾਕਿਸਤਾਨ ਨੂੰ ਹਰਾ ਕੇ ਸੁਪਰ-8 ‘ਚ ਪਹੁੰਚੀ ਭਾਰਤੀ ਟੀਮ

ਟੀ20 ਵਰਲਡ ਕੱਪ 2026 ਦੇ ਸਭ ਤੋਂ ਵੱਡੇ ਮੁਕਾਬਲੇ ਵਿਚ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਟੂਰਨਾਮੈਂਟ ਦੇ ਇਤਿਹਾਸ ਵਿਚ ਦੌੜਾਂ ਦੇ ਲਿਹਾਜ਼ ਨਾਲ ਪਾਕਿਸਤਾਨ ਵਿਰੁੱਧ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਲਗਾਤਾਰ ਤਿੰਨ ਮੈਚ ਜਿੱਤ ਕੇ ਗਰੁੱਪ-ਏ ਦੀ ਅੰਕ ਸੂਚੀ ਵਿਚ ਸਿਖਰ ‘ਤੇ ਪਹੁੰਚ ਗਈ ਹੈ ਅਤੇ ਸੁਪਰ-8 ਰਾਊਂਡ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ।
ਐਤਵਾਰ ਨੂੰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿਚ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਕਹਿਰ ਅੱਗੇ ਟਿਕ ਨਾ ਸਕੀ ਅਤੇ 18 ਓਵਰਾਂ ਵਿਚ ਮਹਿਜ਼ 114 ਦੌੜਾਂ ‘ਤੇ ਆਲਆਊਟ ਹੋ ਗਈ। ਭਾਰਤ ਦੀ ਇਸ ਜਿੱਤ ਦੀ ਨੀਂਹ ਈਸ਼ਾਨ ਕਿਸ਼ਨ ਨੇ ਰੱਖੀ, ਜਿਨ੍ਹਾਂ ਨੇ 40 ਗੇਂਦਾਂ ਵਿਚ 77 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਕਪਤਾਨ ਸੂਰਿਆਕੁਮਾਰ ਯਾਦਵ ਨੇ ਵੀ 32 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਗੇਂਦਬਾਜ਼ੀ ਵਿਚ ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ ਅਤੇ ਹਾਰਦਿਕ ਪਾਂਡਿਆ ਨੇ 2-2 ਵਿਕਟਾਂ ਝਟਕ ਕੇ ਪਾਕਿਸਤਾਨੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਮੈਚ ਦੀ ਸ਼ੁਰੂਆਤ ‘ਚ ਹੀ ਸਖ਼ਤ ਸੁਨੇਹਾ ਦਿੰਦਿਆਂ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਆਪਸ ਵਿਚ ਹੱਥ ਨਹੀਂ ਮਿਲਾਇਆ ਸੀ। ਇਹ ਫੈਸਲਾ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਲਿਆ ਗਿਆ ਸੀ। ਮੈਚ ਤੋਂ ਪਹਿਲਾਂ ਮਸ਼ਹੂਰ ਰੈਪਰ ਹਨੂਮਾਨਕਾਈਂਡ ਨੇ ਆਪਣੀ ਪਰਫਾਰਮੈਂਸ ਨਾਲ ਦਰਸ਼ਕਾਂ ਵਿਚ ਜੋਸ਼ ਭਰ ਦਿੱਤਾ, ਜਦੋਂਕਿ ਸਾਬਕਾ ਕਪਤਾਨ ਰੋਹਿਤ ਸ਼ਰਮਾ ਵੀ ਖ਼ੁਦ ਟੀਮ ਦਾ ਹੌਂਸਲਾ ਵਧਾਉਣ ਸਟੇਡੀਅਮ ਪਹੁੰਚੇ ਸਨ।
ਚੇਤੇ ਰਹੇ ਕਿ ਭਾਰਤ ਨੇ ਪਿਛਲੇ ਸਾਲ ਏਸ਼ੀਆ ਕੱਪ ਦੇ ਫਾਈਨਲ ਵਿਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ, ਇਸਤੋਂ ਪਹਿਲਾ ਵੀ ਭਾਰਤ ਨੇ 2007 ਅਤੇ 2024 ਵਿਚ ਟੀ-20 ਵਿਸ਼ਵ ਕੱਪ ਜਿੱਤਿਆ ਹੈ, ਫਾਈਨਲ ਵਿਚ ਪਾਕਿਸਤਾਨ ਨੂੰ ਹਰਾ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ ਹੈ। ਦੂਜੇ ਪਾਸੇ, ਪਾਕਿਸਤਾਨ 2009 ਦਾ ਚੈਂਪੀਅਨ ਹੈ ਅਤੇ 2007 ਅਤੇ 2022 ਵਿਚ ਉਪ ਜੇਤੂ ਰਿਹਾ ਹੈ।