-ਸੂਰਿਆ ਕੁਮਾਰ ਯਾਦਵ ਹੋਣਗੇ ਕਪਤਾਨ, ਸ਼ੁਭਮਨ ਗਿੱਲ ਬਾਹਰ
ਨਵੀਂ ਦਿੱਲੀ, 20 ਦਸੰਬਰ (ਪੰਜਾਬ ਮੇਲ)- ਭਾਰਤੀ ਕ੍ਰਿਕਟ ਟੀਮ ਦੇ ਚੋਣਕਾਰਾਂ ਨੇ ਸ਼ਨਿਚਰਵਾਰ ਨੂੰ ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰਦਿਆਂ ਸ਼ੁਭਮਨ ਗਿੱਲ ਨੂੰ ਬਾਹਰ ਰੱਖਿਆ ਹੈ ਅਤੇ ਰਿੰਕੂ ਸਿੰਘ ਦੇ ਨਾਲ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਦੀ ਟੀਮ ਵਿਚ ਵਾਪਸੀ ਹੋਈ ਹੈ।
ਆਲ-ਰਾਊਂਡਰ ਅਕਸ਼ਰ ਪਟੇਲ ਨੂੰ ਟੀਮ ਦਾ ਨਵਾਂ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਈਸ਼ਾਨ ਕਿਸ਼ਨ ਦੀ ਟੀਮ ਵਿਚ ਵਾਪਸੀ ਹੋਈ ਹੈ, ਜਿਨ੍ਹਾਂ ਨੂੰ ਜਿਤੇਸ਼ ਸ਼ਰਮਾ ਦੀ ਜਗ੍ਹਾ ਸੰਜੂ ਸੈਮਸਨ ਤੋਂ ਬਾਅਦ ਦੂਜੇ ਵਿਕਟਕੀਪਰ ਵਜੋਂ ਚੁਣਿਆ ਗਿਆ ਹੈ।
ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੇ ਸਪੱਸ਼ਟ ਕੀਤਾ ਕਿ ਸ਼ੁਭਮਨ ਗਿੱਲ ਨੂੰ ਦੌੜਾਂ ਦੀ ਕਮੀ ਕਾਰਨ ਟੀਮ ਵਿਚ ਜਗ੍ਹਾ ਨਹੀਂ ਮਿਲੀ। ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ”ਗਿੱਲ ਪਿਛਲੇ ਕੁਝ ਸਮੇਂ ਤੋਂ ਦੌੜਾਂ ਨਹੀਂ ਬਣਾ ਪਾ ਰਹੇ ਸਨ। ਕਿਉਂਕਿ ਉਨ੍ਹਾਂ ਦੀ ਚੋਣ ਨਹੀਂ ਹੋਈ, ਇਸ ਲਈ ਸਾਨੂੰ ਇੱਕ ਉਪ-ਕਪਤਾਨ ਦੀ ਲੋੜ ਸੀ।”
ਏਸ਼ੀਆ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਰਿੰਕੂ ਸਿੰਘ ਦੀ ਵੀ ਟੀਮ ਵਿਚ ਵਾਪਸੀ ਹੋਈ ਹੈ, ਜਿਨ੍ਹਾਂ ਨੂੰ ਫਿਨਿਸ਼ਰ ਵਜੋਂ ਸ਼ਾਮਲ ਕੀਤਾ ਗਿਆ ਹੈ। ਈਸ਼ਾਨ ਕਿਸ਼ਨ ਵਿਕਟਕੀਪਰ ਦੇ ਨਾਲ-ਨਾਲ ਰਿਜ਼ਰਵ ਓਪਨਰ ਦੀ ਭੂਮਿਕਾ ਵੀ ਨਿਭਾਉਣਗੇ।
ਭਾਰਤੀ ਟੀਮ: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਅਕਸ਼ਰ ਪਟੇਲ (ਉਪ-ਕਪਤਾਨ), ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਸੰਜੂ ਸੈਮਸਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਈਸ਼ਾਨ ਕਿਸ਼ਨ (ਵਿਕਟਕੀਪਰ), ਰਿੰਕੂ ਸਿੰਘ।
ਟੀ20 ਵਰਲਡ ਕੱਪ ਲਈ ਭਾਰਤੀ ਟੀਮ ਦਾ ਹੋਇਆ ਐਲਾਨ

