#Cricket #SPORTS

ਟੀ-20 ਵਿਸ਼ਵ ਕੱਪ; ਮੁੰਬਈ-ਕੋਲੰਬੋ ਹਵਾਈ ਕਿਰਾਇਆਂ ‘ਚ ਜ਼ਬਰਦਸਤ ਉਛਾਲ

ਪਾਕਿਸਤਾਨ ਵੱਲੋਂ ਬਾਈਕਾਟ ਦਾ ਫੈਸਲਾ ਵਾਪਸ ਲੈਣ ਤੋਂ ਬਾਅਦ ਹਵਾਈ ਉਡਾਣ ਦੀਆਂ ਟਿਕਟਾਂ ਦੀਆਂ ਕੀਮਤਾਂ ਅਸਮਾਨੀਂ ਚੜੀਆਂ
ਚੰਡੀਗੜ੍ਹ, 10 ਫਰਵਰੀ (ਪੰਜਾਬ ਮੇਲ)- ਕੋਲੰਬੋ ‘ਚ 15 ਫਰਵਰੀ ਨੂੰ ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਮੁਕਾਬਲਾ ਹੋਵੇਗਾ। ਇਸ ਮੁਕਾਬਲੇ ਨੇ ਕ੍ਰਿਕਟ ਪ੍ਰੇਮੀਆਂ ‘ਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਵੱਲੋਂ ਮੈਚ ਦੇ ਬਾਈਕਾਟ ਦਾ ਫੈਸਲਾ ਵਾਪਸ ਲੈਣ ਦੇ ਮਹਿਜ਼ ਕੁਝ ਮਿੰਟਾਂ ਦੇ ਅੰਦਰ ਹੀ ਹਵਾਈ ਕਿਰਾਇਆਂ ਵਿਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਮੁੰਬਈ ਤੋਂ ਕੋਲੰਬੋ ਦੀ ਆਉਣ-ਜਾਣ ਵਾਲੀ ਉਡਾਣ ਦਾ ਕਿਰਾਇਆ 10,000 ਰੁਪਏ ਤੱਕ ਵਧ ਗਿਆ ਹੈ ਅਤੇ ਹੁਣ ਪ੍ਰਤੀ ਵਿਅਕਤੀ ਰਾਊਂਡ ਟ੍ਰਿਪ ਦਾ ਖ਼ਰਚਾ ਲਗਪਗ 60,000 ਰੁਪਏ ਤੱਕ ਪਹੁੰਚ ਗਿਆ ਹੈ।
ਕ੍ਰਿਕਟ ਪ੍ਰਸ਼ੰਸਕ ਇਸ ਹਾਈ-ਪ੍ਰੋਫਾਈਲ ਮੈਚ ਨੂੰ ਦੇਖਣ ਲਈ ਟਿਕਟਾਂ ਅਤੇ ਫਲਾਈਟਾਂ ਬੁੱਕ ਕਰਨ ਲਈ ਕਾਹਲੀ ਦਿਖਾ ਰਹੇ ਹਨ, ਜਿਸ ਕਾਰਨ ਮੰਗ ਵਧ ਗਈ ਹੈ। ਹਵਾਈ ਉਡਾਣਾਂ ਦੇ ਕਿਰਾਏ ਵਿਚ ਵਾਧਾ ਉਦੋਂ ਸ਼ੁਰੂ ਹੋਇਆ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਟੀਮ 15 ਫਰਵਰੀ ਨੂੰ ਭਾਰਤ ਖ਼ਿਲਾਫ਼ ਮੈਦਾਨ ਵਿਚ ਉਤਰੇਗੀ। ਪਾਕਿਸਤਾਨ ਨੇ ਇਹ ਫੈਸਲਾ ਬੰਗਲਾਦੇਸ਼, ਸ੍ਰੀਲੰਕਾ ਅਤੇ ਯੂ.ਏ.ਈ. ਵਰਗੇ ਮਿੱਤਰ ਦੇਸ਼ਾਂ ਦੀ ਅਪੀਲ ਅਤੇ ਆਈ.ਸੀ.ਸੀ. ਨਾਲ ਹੋਈ ਗੱਲਬਾਤ ਤੋਂ ਬਾਅਦ ਲਿਆ ਹੈ।
ਇਸ ਫੈਸਲੇ ਨੇ ਟੂਰਨਾਮੈਂਟ ਦੇ ਸਭ ਤੋਂ ਮਹਿੰਗੇ ਅਤੇ ਦੇਖੇ ਜਾਣ ਵਾਲੇ ਮੈਚ ਨੂੰ ਲੈ ਕੇ ਚੱਲ ਰਹੀ ਬੇਯਕੀਨੀ ਨੂੰ ਖ਼ਤਮ ਕਰ ਦਿੱਤਾ ਹੈ ਪਰ ਇਸ ਦੇ ਨਾਲ ਹੀ, ਆਖਰੀ ਸਮੇਂ ‘ਤੇ ਯਾਤਰਾ ਦੀ ਯੋਜਨਾ ਬਣਾਉਣ ਵਾਲੇ ਪ੍ਰਸ਼ੰਸਕਾਂ ਦੀ ਜੇਬ ‘ਤੇ ਭਾਰੀ ਬੋਝ ਪੈ ਰਿਹਾ ਹੈ। ਫਲਾਈਟ ਟਿਕਟਾਂ ਦੀਆਂ ਕੀਮਤਾਂ ਹਾਲੇ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਮੈਚ ਦੇ ਦਿਨ ਨੇੜੇ ਆ ਰਹੇ ਹਨ ਅਤੇ ਸੀਟਾਂ ਤੇਜ਼ੀ ਨਾਲ ਭਰ ਰਹੀਆਂ ਹਨ।