#Cricket #OTHERS #SPORTS

ਟੀ-20 ਵਿਸ਼ਵ ਕੱਪ: ਬੰਗਲਾਦੇਸ਼ ਵੱਲੋਂ ਭਾਰਤ ‘ਚ ਖੇਡਣ ਤੋਂ ਕੋਰਾ ਇਨਕਾਰ

– ਆਈ.ਸੀ.ਸੀ. ਨੇ ਬਦਲਵੇਂ ਸਥਾਨ ਦੀ ਮੰਗ ਠੁਕਰਾਈ
– ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਬੀ.ਸੀ.ਬੀ. ਪ੍ਰਧਾਨ ਨੇ ਕਿਹਾ- ‘ਅਸੀਂ ਭਾਰਤ ਨਹੀਂ ਜਾਵਾਂਗੇ’
ਢਾਕਾ, 22 ਜਨਵਰੀ (ਪੰਜਾਬ ਮੇਲ)- ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਟੀਮ ਨੂੰ ਟੀ-20 ਵਿਸ਼ਵ ਕੱਪ ਲਈ ਭਾਰਤ ਨਹੀਂ ਭੇਜਣਗੇ। ਹਾਲਾਂਕਿ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਬੰਗਲਾਦੇਸ਼ ਦੇ ਮੈਚ ਭਾਰਤ ਤੋਂ ਬਾਹਰ ਕਰਵਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਪਰ ਬੀ.ਸੀ.ਬੀ. ਆਪਣੇ ਫੈਸਲੇ ‘ਤੇ ਅਟੱਲ ਹੈ।
ਬੁਲਬੁਲ ਨੇ ਕਿਹਾ ਕਿ ਅਸੀਂ ਵਿਸ਼ਵ ਕੱਪ ਖੇਡਣਾ ਚਾਹੁੰਦੇ ਹਾਂ ਪਰ ਭਾਰਤ ਵਿਚ ਨਹੀਂ। ਉਨ੍ਹਾਂ ਨੇ ਮੁਸਤਫਿਜ਼ੁਰ ਰਹਿਮਾਨ ਨੂੰ ਆਈ.ਪੀ.ਐੱਲ. ਤੋਂ ਬਾਹਰ ਕੀਤੇ ਜਾਣ ਅਤੇ ਘੱਟ ਗਿਣਤੀਆਂ ਦੇ ਮੁੱਦੇ ‘ਤੇ ਭਾਰਤ ਦੇ ਰਵੱਈਏ ਨੂੰ ਇਸ ਫੈਸਲੇ ਦਾ ਵੱਡਾ ਕਾਰਨ ਦੱਸਿਆ ਹੈ।
ਬੰਗਲਾਦੇਸ਼ ਸਰਕਾਰ ਦੇ ਖੇਡ ਸਲਾਹਕਾਰ ਆਸਿਫ਼ ਨਜ਼ਰੁਲ ਨੇ ਵੀ ਆਈ.ਸੀ.ਸੀ. ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੌਂਸਲ ਉਨ੍ਹਾਂ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਵਿਚ ਅਸਫ਼ਲ ਰਹੀ ਹੈ। ਬੰਗਲਾਦੇਸ਼ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮੈਚ ਸ੍ਰੀਲੰਕਾ ਵਿਚ ਕਰਵਾਏ ਜਾਣ।
ਜ਼ਿਕਰਯੋਗ ਹੈ ਕਿ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਬੰਗਲਾਦੇਸ਼ ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿਚ ਵੈਸਟਇੰਡੀਜ਼ ਵਿਰੁੱਧ ਤੈਅ ਹੈ। ਪਰ ਹੁਣ ਬੀ.ਸੀ.ਬੀ. ਅਤੇ ਭਾਰਤ ਵਿਚਾਲੇ ਵਧੇ ਤਣਾਅ ਕਾਰਨ ਬੰਗਲਾਦੇਸ਼ ਦੀ ਸ਼ਮੂਲੀਅਤ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।