ਕਿੰਗਸਟਨ, 23 ਜੂਨ (ਪੰਜਾਬ ਮੇਲ)- ਅਫਗਾਨਿਸਤਾਨ ਨੇ ਕ੍ਰਿਕਟ ਟੀ-20 ਵਿਸ਼ਵ ਚੈਂਪੀਅਨ ਵਿਚ ਆਸਟਰੇਲੀਆ ਨੂੰ ਹਰਾ ਕੇ ਸੁਪਰ-8 ’ਚ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ। ਇਸ ਕਾਰਨ ਭਾਰਤ ਦਾ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਇੰਤਜ਼ਾਰ ਵਧ ਗਿਆ ਹੈ। ਹੁਣ ਟੀਮ ਇੰਡੀਆ ਨੂੰ ਸੋਮਵਾਰ ਨੂੰ ਕਿਸੇ ਵੀ ਹਾਲਤ ਵਿਚ ਆਸਟਰੇਲੀਆ ਖਿਲਾਫ ਸੁਪਰ 8 ਦਾ ਆਖਰੀ ਮੈਚ ਜਿੱਤਣਾ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਾਰਤ ਨੂੰ ਆਪਣੀ ਔਸਤ ਗਰੁੱਪ-1 ਦੀਆਂ ਬਾਕੀ ਟੀਮਾਂ ਨਾਲੋਂ ਬਿਹਤਰ ਰੱਖਣੀ ਹੋਵੇਗੀ। ਗਰੁੱਪ-1 ਵਿਚ ਆਸਟਰੇਲੀਆ ਅਤੇ ਅਫਗਾਨਿਸਤਾਨ ਦੇ 2-2 ਅੰਕ ਹਨ। ਭਾਰਤ ਦੇ 4 ਅੰਕ ਹਨ ਅਤੇ ਬੰਗਲਾਦੇਸ਼ ਦਾ ਕੋਈ ਅੰਕ ਨਹੀਂ ਹੈ। ਗਰੁੱਪ ਦੇ ਸਿਰਫ 2 ਮੈਚ ਬਾਕੀ ਹਨ ਪਰ ਹੁਣ ਤੱਕ ਨਾ ਤਾਂ ਕਿਸੇ ਟੀਮ ਨੇ ਸੈਮੀਫਾਈਨਲ ’ਚ ਥਾਂ ਪੱਕੀ ਕੀਤੀ ਹੈ ਅਤੇ ਨਾ ਹੀ ਕੋਈ ਟੀਮ ਬਾਹਰ ਹੋਈ ਹੈ।