ਪਟਿਆਲਾ, 23 ਮਈ (ਪੰਜਾਬ ਮੇਲ)- ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਮਾਮਲੇ ‘ਚ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਵਿਰੁੱਧ ਨਾਨਾਵਤੀ ਕਮਿਸ਼ਨਰ ਵੱਲੋਂ ਕੇਸ ਦਰਜ ਕਰਨ ਦੀ ਸਿਫ਼ਾਰਸ਼ ਨੂੰ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਨਾ ਸਿਰਫ਼ ਅਣਗੌਲ਼ਿਆ ਕੀਤਾ, ਸਗੋਂ ਮੁੱਢੋਂ ਰੱਦ ਕਰ ਦਿੱਤਾ ਸੀ। ਸੀਬੀਆਈ ਨੇ ਕੇਂਦਰ ਦੀ ਸਰਕਾਰ ਦੇ ਕਥਿਤ ਹੁਕਮਾਂ ਨੂੰ ਮੰਨਦਿਆਂ ਇਕ ਵਾਰ ਨਹੀਂ, ਸਗੋਂ ਕਈ ਕਈ ਵਾਰ ਨਾਨਾਵਤੀ ਰਿਪੋਰਟ ਨੂੰ ਬੰਦ ਕਰ ਲਈ ਦਰਖਾਸਤਾਂ ਦਿੱਤੀਆਂ। ਆਖ਼ਰ ਮਾਣਯੋਗ ਅਦਾਲਤ ਨੇ ਇਸ ਸਾਰੇ ਮਾਮਲੇ ਦੀ ਨਿਗਰਾਨੀ ਕੀਤੀ ਤਾਂ ਜਾ ਕੇ ਹੁਣ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਪੇਸ਼ ਹੋਈ ਹੈ। ਐਡਵੋਕੇਟ ਫੂਲਕਾ ਭਦੌੜ ਤੋਂ ਆਉਂਦੇ ਪਟਿਆਲਾ ਵਿਚ ਨੂੰ ਲੰਘ ਰਹੇ ਸਨ। ਇੱਥੇ ਉਨ੍ਹਾਂ ਕੁਝ ਪੱਤਰਕਾਰਾਂ ਨਾਲ ਗੱਲ ਕੀਤੀ। ਉਨ੍ਹਾਂ ਇਸ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਪੇਸ਼ ਹੋਣ ਦੇ ਸਾਰੇ ਸਿੱਖ ਜਗਤ ਨੂੰ ਵਧਾਈ ਵੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਗੁਰਦੁਆਰਾ ਪੁਲ ਬੰਗਸ਼ ਦਿੱਲੀ ਵਿਚ ਅੱਗ ਲਗਾ ਦਿੱਤੀ। ਇਸ ਵੇਲੇ ਤਿੰਨ ਸਿੱਖ ਬਾਦਲ ਸਿੰਘ, ਗੁਰਚਰਨ ਸਿੰਘ ਤੇ ਠਾਕਰ ਸਿੰਘ ਦੀ ਮੌਤ ਹੋ ਗਈ ਸੀ। ਨਾਨਾਵਤੀ ਕਮਿਸ਼ਨ ਨੇ 2005 ਵਿਚ ਇਸ ਕੇਸ ਵਿਚ ਪੂਰੀ ਪੜਤਾਲ ਕਰਨ ਤੋਂ ਬਾਅਦ ਜਗਦੀਸ਼ ਟਾਈਟਲਰ ਵਿਰੁੱਧ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਉਸ ਵੇਲੇ ਜਗਦੀਸ਼ ਟਾਈਟਲਰ ਕੇਂਦਰ ਸਰਕਾਰ ਵਿਚ ਮੰਤਰੀ ਸੀ ਤੇ ਸਰਕਾਰ ਨੇ ਨਾਨਾਵਤੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਦਰ ਕਿਨਾਰ ਕਰਦਿਆਂ ਟਾਈਟਲਰ ਖ਼ਿਲਾਫ਼ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਵੇਲੇ ਯੂਪੀਏ ਦੇ ਭਾਈਵਾਲਾਂ ਸਮੇਤ ਵਿਰੋਧੀ ਧਿਰ ਵੱਲੋਂ ਪਾਰਲੀਮੈਂਟ ਵਿਚ ਰੌਲਾ ਪਾਇਆ ਗਿਆ ਕਿ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਨੂੰ ਮੰਨਿਆ ਜਾਵੇ। ਟਾਈਟਲਰ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਇਸ ਦਬਾਅ ਕਾਰਨ ਕੇਂਦਰ ਦੀ ਕਾਂਗਰਸ ਸਰਕਾਰ ਨੇ ਟਾਈਟਲਰ ਖ਼ਿਲਾਫ਼ ਕੇਸ ਦਰਜ ਕਰਨ ਲਈ ਕਿਹਾ। ਉਸ ਤੋਂ ਬਾਅਦ ਟਾਈਟਲਰ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਪਰ ਸੀ.ਬੀ.ਆਈ. ਨੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਨ ਲਈ 2007 ਵਿਚ ਕਲੋਜਰ ਰਿਪੋਰਟ ਫਾਈਲ ਕਰ ਦਿੱਤੀ। ਐਡਵੋਕੇਟ ਫੂਲਕਾ ਨੇ ਕਿਹਾ ਕਿ ਅਸੀਂ ਮਾਰੇ ਗਏ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਤੋਂ ਪਟੀਸ਼ਨ ਪਵਾਈ, ਜਿਸ ਕਰਕੇ ਕਲੋਜ਼ਰ ਰਿਪੋਰਟ ਰੱਦ ਕਰ ਦਿੱਤੀ ਪਰ ਸੀਬੀਆਈ ਨੇ 2010 ਵਿਚ ਫੇਰ ਕਲੋਜ਼ਰ ਰਿਪੋਰਟ ਪਾਈ ਤੇ ਉਹ ਵੀ ਕੋਰਟ ਨੇ 2013 ਵਿਚ ਰੱਦ ਕਰ ਦਿੱਤੀ, ਜਦੋਂ ਮੋਦੀ ਸਰਕਾਰ ਆਈ ਤਾਂ ਦਸੰਬਰ 2014 ਵਿਚ ਸੀਬੀਆਈ ਨੇ ਫੇਰ ਕਲੋਜ਼ਰ ਰਿਪੋਰਟ ਪੇਸ਼ ਕੀਤੀ ਪਰ 14 ਦਸੰਬਰ 2015 ਨੂੰ ਅਦਾਲਤ ਨੇ ਇਹ ਕਲੋਜ਼ਰ ਰਿਪੋਰਟ ਰੱਦ ਕਰਦਿਆਂ ਕਿਹਾ ਕਿ ਤੁਸੀਂ ਵਾਰ ਵਾਰ ਕਲੋਜ਼ਰ ਰਿਪੋਰਟ ਪੇਸ਼ ਕਰ ਰਹੇ ਹੋ ਇਸ ਕਰਕੇ ਹੁਣ ਇਸ ਮਾਮਲੇ ਦੀ ਨਿਗਰਾਨੀ ਅਦਾਲਤ ਕਰੇਗੀ। ਉਸ ਤੋਂ ਬਾਅਦ ਮਨਜੀਤ ਸਿੰਘ ਜੀਕੇ ਨੇ ਜਗਦੀਸ਼ ਟਾਈਟਲਰ ਦਾ ਸਟਿੰਗ ਅਪਰੇਸ਼ਨ ਪੇ?ਸ਼ ਕੀਤਾ, ਜਿਸ ਵਿਚ ਕਥਿਤ ਟਾਈਟਲਰ ਘਟਨਾ ਨੂੰ ਸਵੀਕਾਰ ਰਿਹਾ ਹੈ।