#AMERICA

ਟਰੰਪ ਸਰਕਾਰ ਕੱਚੇ ਪ੍ਰਵਾਸੀਆਂ ਨੂੰ ਟਰੱਕਿੰਗ ਸੈਕਟਰ ਤੋਂ ਕੱਢੇਗੀ ਬਾਹਰ; ਨਵੇਂ ਨਿਯਮ ਕਰੇਗੀ ਲਾਗੂ

-ਡਰਾਈਵਰ ਲਈ ਗਰੀਨ ਕਾਰਡ ਹੋਲਡਰ ਜਾਂ ਯੂ.ਐੱਸ. ਸਿਟੀਜ਼ਨ ਹੋਣਾ ਕੀਤਾ ਲਾਜ਼ਮੀ
ਵਾਸ਼ਿੰਗਟਨ, 30 ਸਤੰਬਰ (ਪੰਜਾਬ ਮੇਲ)– ਬੀਤੇ ਕੁਝ ਸਮੇਂ ਦੌਰਾਨ ਅਮਰੀਕਾ ‘ਚ ਵਾਪਰੇ ਕੁਝ ਭਿਆਨਕ ਹਾਦਸਿਆਂ ਮਗਰੋਂ ਅਮਰੀਕਾ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ। ਡਰਾਈਵਰਾਂ ਲਈ ਨਿਯਮਾਂ ਨੂੰ ਸਖ਼ਤ ਕਰਨ ਦੀ ਤਿਆਰੀ ‘ਚ ਟਰੰਪ ਸਰਕਾਰ ਨੇ ਕੱਚੇ ਪ੍ਰਵਾਸੀਆਂ ਨੂੰ ਟਰੱਕਿੰਗ ਸੈਕਟਰ ਤੋਂ ਬਾਹਰ ਕੱਢਣ ਲਈ ਟਰੰਪ ਸਰਕਾਰ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਸਿਰਫ਼ ਵਰਕ ਪਰਮਿਟ ਦੇ ਆਧਾਰ ‘ਤੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਨਹੀਂ ਮਿਲੇਗਾ। ਡਰਾਈਵਰ ਲਈ ਗਰੀਨ ਕਾਰਡ ਹੋਲਡਰ ਜਾਂ ਯੂ.ਐੱਸ. ਸਿਟੀਜ਼ਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਨਾਲ 2 ਲੱਖ ਦੇ ਕਰੀਬ ਮੌਜੂਦਾ ਡਰਾਈਵਰ ਪ੍ਰਭਾਵਿਤ ਹੋਣਗੇ, ਜਦਕਿ 20 ਹਜ਼ਾਰ ਦੇ ਕਰੀਬ ਟ੍ਰੇਨਿੰਗ ਲੈ ਰਹੇ ਡਰਾਈਵਰ ਟਰੱਕ ਨਹੀਂ ਚਲਾ ਸਕਣਗੇ। ਇਸ ਦੇ ਨਾਲ ਅਸਾਇਲਮ ਮੰਗਣ ਵਾਲੇ ਜਾਂ ਅਸਾਇਲਮ ਪ੍ਰਾਪਤ ਕਰ ਚੁੱਕੇ ਲੋਕ ਵੀ ਸੀ.ਡੀ.ਐੱਲ. ਲਈ ਯੋਗ ਨਹੀਂ ਰਹਿਣਗੇ। ਫੈਡਰਲ ਏਜੰਸੀ ਦਾ ਅੰਦਾਜ਼ਾ ਹੈ ਕਿ ਅਮਰੀਕਾ ਦੇ 38 ਲੱਖ ਟਰੱਕ ਡਰਾਈਵਰਾਂ ਵਿਚੋਂ 2 ਲੱਖ ਦੇ ਕਰੀਬ ਕੱਚੇ ਹਨ।
ਫੈਡਰਲ ਏਜੰਸੀ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਅਗਸਤ ਦਰਮਿਆਨ ਕੁਝ ਜਾਨਲੇਵਾ ਹਾਦਸਿਆਂ ਵਿਚ ਟਰੱਕ ਡਰਾਈਵਰਾਂ ਦੀ ਇੰਮੀਗ੍ਰੇਸ਼ਨ ਸਟੇਟਸ ਗਲਤ ਸੀ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਨਵੇਂ ਨਿਯਮਾਂ ਮੁਤਾਬਕ ਵਰਕ ਪਰਮਿਟ ਵਾਲੇ ਪ੍ਰਵਾਸੀਆਂ ਲਈ ਸੀ.ਡੀ.ਐੱਲ. ਦਾ ਦਰਵਾਜ਼ਾ ਖੁੱਲ੍ਹਾ ਤਾਂ ਰਹੇਗਾ, ਪਰ ਇਸ ਲਈ ਉਨ੍ਹਾਂ ਨੂੰ ਹਰ ਸਾਲ ਖੁਦ ਪੇਸ਼ ਹੋ ਕੇ ਲਾਇਸੰਸ ਰੀਨਿਊ ਕਰਵਾਉਣਾ ਪਵੇਗਾ।