#AMERICA

ਟਰੰਪ ਵੱਲੋਂ ਹੁਣ ਫਿਲਮਾਂ ‘ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ

ਵਾਸ਼ਿੰਗਟਨ, 30 ਸਤੰਬਰ (ਪੰਜਾਬ ਮੇਲ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਪੂਰੀ ਦੁਨੀਆ ਨੂੰ ਵੱਡਾ ਝਟਕਾ ਦਿੱਤਾ। ਉਨ੍ਹਾਂ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ‘ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਦਾ ਭਾਰਤ ਵਿਚ ਬਣੀਆਂ ਫਿਲਮਾਂ ‘ਤੇ ਵੀ ਅਸਰ ਪਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ‘ਟਰੂਥ ਸੋਸ਼ਲ’ ‘ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਵਿਦੇਸ਼ਾਂ ‘ਚ ਬਣੀਆਂ ਸਾਰੀਆਂ ਫਿਲਮਾਂ ‘ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਆਪਣੀ ਪੋਸਟ ਵਿਚ ਕਿਹਾ ਕਿ ਸਾਡੇ ਫਿਲਮ ਉਦਯੋਗ ਨੂੰ ਦੂਜੇ ਦੇਸ਼ਾਂ ਨੇ ਅਮਰੀਕਾ ਤੋਂ ਲੁੱਟ ਲਿਆ ਹੈ, ਜਿਵੇਂ ਇਕ ਬੱਚੇ ਤੋਂ ਉਸ ਦੀ ਕੈਂਡੀ ਖੋਹ ਲਈ ਜਾਂਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕੈਲੀਫੋਰਨੀਆ ਆਪਣੇ ਕਮਜ਼ੋਰ ਅਤੇ ਅਯੋਗ ਗਵਰਨਰ ਕਾਰਨ ਇਸ ਸਮੱਸਿਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਲਈ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਣਸੁਲਝੀ ਸਮੱਸਿਆ ਨੂੰ ਹੱਲ ਕਰਨ ਲਈ ਮੈਂ ਵਿਦੇਸ਼ਾਂ ‘ਚ ਬਣੀਆਂ ਸਾਰੀਆਂ ਫਿਲਮਾਂ ‘ਤੇ 100 ਫੀਸਦੀ ਟੈਰਿਫ ਲਗਾਵਾਂਗਾ।
ਇਸ ਤੋਂ ਥੋੜ੍ਹੀ ਦੇਰ ਬਾਅਦ ਇਕ ਹੋਰ ਪੋਸਟ ‘ਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉੱਤਰੀ ਕੈਰੋਲੀਨਾ, ਜਿਸ ਨੇ ਆਪਣਾ ਫਰਨੀਚਰ ਉਦਯੋਗ ਪੂਰੀ ਤਰ੍ਹਾਂ ਚੀਨ ਅਤੇ ਹੋਰ ਦੇਸ਼ਾਂ ਹੱਥੋਂ ਗੁਆ ਦਿੱਤਾ ਹੈ, ਨੂੰ ਦੁਬਾਰਾ ਮਹਾਨ ਬਣਾਉਣ ਲਈ ਉਹ ਉਨ੍ਹਾਂ ਸਾਰੇ ਦੇਸ਼ਾਂ ‘ਤੇ ਟੈਰਿਫ ਲਗਾਉਣਗੇ, ਜੋ ਅਮਰੀਕਾ ‘ਚ ਆਪਣਾ ਫਰਨੀਚਰ ਨਹੀਂ ਬਣਾਉਂਦੇ। ਉਨ੍ਹਾਂ ਅੱਗੇ ਕਿਹਾ ਕਿ ਹੋਰ ਵੇਰਵੇ ਬਾਅਦ ‘ਚ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ‘ਚ ਅਮਰੀਕਾ ‘ਚ ਭਾਰਤੀ ਫਿਲਮ ਕਾਰੋਬਾਰ ਲਗਭਗ 20 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਜੇਕਰ ਭਾਰਤੀ ਫਿਲਮਾਂ ‘ਤੇ 100 ਫੀਸਦੀ ਟੈਰਿਫ ਲਗਾਇਆ ਜਾਂਦਾ ਹੈ, ਤਾਂ ਇਸ ਦਾ ਅਸਰ ਭਾਰਤੀ ਫਿਲਮ ਉਦਯੋਗ ‘ਤੇ ਵੀ ਪਵੇਗਾ।