#AMERICA

ਟਰੰਪ ਵੱਲੋਂ ਹਵਾਈ ਅੱਡਿਆਂ ਦੀ ਸੁਰੱਖਿਆ ਹੁਣ ਨਿੱਜੀ ਹੱਥਾਂ ‘ਚ ਦੇਣ ਦੀ ਤਿਆਰੀ  

ਵਾਸ਼ਿੰਗਟਨ, 4 ਅਪ੍ਰੈਲ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ 4 ਅਪ੍ਰੈਲ ਨੂੰ ਪੈਸੇ ਦੀ ਬਚਤ ਕਰਨ ਦੇ ਉਦੇਸ਼ ਨਾਲ, ਟਰਾਂਸਪੋਰਟੇਸ਼ਨ ਸਕਿਓਰਿਟੀ ਐਡਮਿਨਿਸਟ੍ਰੇਸ਼ਨ (ਟੀ.ਐੱਸ.ਏ.) ਦੁਆਰਾ ਸੰਭਾਲੇ ਜਾਂਦੇ ਹਵਾਈ ਅੱਡਿਆਂ ਦੇ ਸੁਰੱਖਿਆ ਕਾਰਜਾਂ ਦਾ ਨਿੱਜੀਕਰਨ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਵ੍ਹਾਈਟ ਹਾਊਸ ਦੇ ਬਜਟ ਵਿਚ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਬਣਾਈ ਗਈ ਇਸ ਸੰਘੀ ਏਜੰਸੀ ਦੇ ਫੰਡਾਂ ਵਿਚ 52 ਮਿਲੀਅਨ ਡਾਲਰ ਦੀ ਕਟੌਤੀ ਕਰਨ ਦਾ ਪ੍ਰਸਤਾਵ ਹੈ। ਇਸ ਦੇ ਨਾਲ ਹੀ ਛੋਟੇ ਹਵਾਈ ਅੱਡਿਆਂ ਲਈ ਅਜਿਹੇ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਲਾਜ਼ਮੀ ਹੋਵੇਗਾ, ਜਿੱਥੇ ਟੀ.ਐੱਸ.ਏ. ਨਿੱਜੀ ਸਕ੍ਰੀਨਰਾਂ (ਜਾਂਚਕਰਤਾਵਾਂ) ਲਈ ਭੁਗਤਾਨ ਕਰੇਗਾ। ਵਰਤਮਾਨ ਵਿਚ, ਟੀ.ਐੱਸ.ਏ. ਕੋਲ ਲਗਭਗ 50,000 ਸੰਘੀ ਕਰਮਚਾਰੀ ਹਨ, ਜੋ ਲਗਭਗ ਸਾਰੇ ਅਮਰੀਕੀ ਹਵਾਈ ਅੱਡਿਆਂ ‘ਤੇ ਸਕ੍ਰੀਨਿੰਗ ਦਾ ਕੰਮ ਕਰਦੇ ਹਨ।
4 ਅਪ੍ਰੈਲ ਨੂੰ ਜਾਰੀ ਕੀਤੇ ਗਏ ਬਜਟ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਜੋ ਹਵਾਈ ਅੱਡੇ ਇਸ ਸਮੇਂ ਨਿੱਜੀਕਰਨ ਪ੍ਰੋਗਰਾਮ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਨੇ ਸੰਘੀ ਸਕ੍ਰੀਨਿੰਗ ਕਾਰਜਾਂ ਦੇ ਮੁਕਾਬਲੇ ਬਚਤ ਕਰਕੇ ਦਿਖਾਈ ਹੈ। ਪਿਛਲੇ ਹਫ਼ਤਿਆਂ ਵਿਚ, ਅਮਰੀਕਾ ਦੇ ਮੁੱਖ ਹਵਾਈ ਅੱਡਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਜਟ ਵਿਵਾਦ ਕਾਰਨ ਫੰਡ ਰੁਕ ਜਾਣ ਕਰਕੇ ਟੀ.ਐੱਸ.ਏ. ਅਧਿਕਾਰੀਆਂ ਨੂੰ ਫਰਵਰੀ ਦੇ ਅੱਧ ਤੋਂ ਤਨਖਾਹ ਨਹੀਂ ਮਿਲੀ ਸੀ। ਕਾਂਗਰਸ ਵਿਚ ਇਸ ਰੇੜਕੇ ਕਾਰਨ 10 ਪ੍ਰਤੀਸ਼ਤ ਜਾਂ ਉਸ ਤੋਂ ਵੱਧ ਕਰਮਚਾਰੀ ਗੈਰ-ਹਾਜ਼ਰ ਰਹਿਣ ਲੱਗੇ, ਜਿਸ ਨਾਲ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ ਮਚ ਗਈ ਅਤੇ ਸੁਰੱਖਿਆ ਲਈ ਲੰਬੀਆਂ ਲਾਈਨਾਂ ਲੱਗ ਗਈਆਂ। ਏਜੰਸੀ ਨੇ 30 ਮਾਰਚ ਨੂੰ ਦੱਸਿਆ ਕਿ ਤਨਖਾਹ ਮਿਲਣ ਤੋਂ ਬਾਅਦ ਗੈਰ-ਹਾਜ਼ਰੀ ਦੀ ਦਰ ਘਟ ਕੇ 8.6% ਰਹਿ ਗਈ ਹੈ।
ਨਿੱਜੀਕਰਨ ਟੀ.ਐੱਸ.ਏ. ਨੂੰ ਕਾਂਗਰਸ ਦੇ ਫੰਡਿੰਗ ਝਗੜਿਆਂ ਤੋਂ ਦੂਰ ਰੱਖਣ ਵਿਚ ਮਦਦ ਕਰ ਸਕਦਾ ਹੈ। ਹਵਾਈ ਅੱਡੇ ਦੀ ਸੁਰੱਖਿਆ ਏਜੰਸੀ ਵਿਚ ਕਟੌਤੀ ਅਜਿਹੇ ਨਾਜ਼ੁਕ ਸਮੇਂ ‘ਤੇ ਹੋ ਰਹੀ ਹੈ, ਜਦੋਂ ਹਵਾਈ ਯਾਤਰਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਹਾਲ ਹੀ ਦੇ ਹਫ਼ਤਿਆਂ ਵਿਚ 500 ਤੋਂ ਵੱਧ ਟੀ.ਐੱਸ.ਏ. ਅਧਿਕਾਰੀ ਨੌਕਰੀ ਛੱਡ ਚੁੱਕੇ ਹਨ ਅਤੇ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਵੀ ਪੁਰਾਣੀ ਕਮੀ ਚੱਲ ਰਹੀ ਹੈ। ਹਾਲਾਂਕਿ, ਟਰੰਪ ਦੇ ਬਜਟ ਵਿਚ ਹੋਰ ਕੰਟਰੋਲਰਾਂ ਦੀ ਭਰਤੀ ਲਈ ਪੈਸਾ ਸ਼ਾਮਲ ਕੀਤਾ ਗਿਆ ਹੈ।
ਟਰੰਪ ਟੀ.ਐੱਸ.ਏ. ਦੇ ਆਲੋਚਕ ਰਹੇ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਇਸ ਦੇ ਮੁਖੀ, ਡੇਵਿਡ ਪੇਕੋਸਕੇ ਨੂੰ ਬਰਖਾਸਤ ਕਰ ਦਿੱਤਾ ਸੀ ਅਤੇ ਕਦੇ ਵੀ ਕਿਸੇ ਬਦਲਵੇਂ ਨਾਂ ਦੀ ਤਜਵੀਜ਼ ਨਹੀਂ ਦਿੱਤੀ। ਪਿਛਲੇ ਸਾਲ, ਵ੍ਹਾਈਟ ਹਾਊਸ ਨੇ ਟੀ.ਐੱਸ.ਏ. ਦੇ ਫੰਡਾਂ ਵਿਚ 247 ਮਿਲੀਅਨ ਡਾਲਰ ਦੀ ਕਟੌਤੀ ਦੀ ਮੰਗ ਕਰਦਿਆਂ ਕਿਹਾ ਸੀ ਕਿ ”ਟੀ.ਐੱਸ.ਏ. ਲਗਾਤਾਰ ਆਡਿਟ ਵਿਚ ਅਸਫਲ ਰਿਹਾ ਹੈ ਅਤੇ ਅਜਿਹੇ ਦਖਲਅੰਦਾਜ਼ੀ ਵਾਲੇ ਸਕ੍ਰੀਨਿੰਗ ਉਪਾਅ ਲਾਗੂ ਕਰ ਰਿਹਾ ਹੈ, ਜੋ ਅਮਰੀਕੀਆਂ ਦੀ ਨਿੱਜਤਾ ਅਤੇ ਸਨਮਾਨ ਦੀ ਉਲੰਘਣਾ ਕਰਦੇ ਹਨ।”
ਬਾਇਡਨ ਪ੍ਰਸ਼ਾਸਨ ਨੇ ਹਵਾਈ ਯਾਤਰਾ ਵਧਣ ਕਾਰਨ ਟੀ.ਐੱਸ.ਏ. ਦਾ ਆਕਾਰ ਵਧਾ ਕੇ ਲਗਭਗ 60,000 ਕਰਮਚਾਰੀ ਕਰ ਦਿੱਤਾ ਸੀ। 2024 ਵਿਚ, ਟੀ.ਐੱਸ.ਏ. ਨੇ 904 ਮਿਲੀਅਨ ਯਾਤਰੀਆਂ ਦੀ ਜਾਂਚ ਕੀਤੀ, ਜੋ ਕਿ ਇੱਕ ਰਿਕਾਰਡ ਸੀ ਅਤੇ 2023 ਦੇ ਮੁਕਾਬਲੇ 5 ਪ੍ਰਤੀਸ਼ਤ ਵੱਧ ਸੀ।