#AMERICA

ਟਰੰਪ ਵੱਲੋਂ ਮਸਕ ਨਾਲ ਰੈਲੀ ਕਰਕੇ ਕਮਲਾ ਨੂੰ ਹਰਾਉਣ ਦੀ ਅਪੀਲ

-ਸਾਬਕਾ ਰਾਸ਼ਟਰਪਤੀ ਨੇ 12 ਹਫ਼ਤੇ ਪਹਿਲਾਂ ਹੋਏ ਹਮਲੇ ਵਾਲੀ ਥਾਂ ‘ਤੇ ਕੀਤੀ ਰੈਲੀ
ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਰਿਪਬਲਿਕਨ ਆਗੂ ਡੋਨਲਡ ਟਰੰਪ ਨੇ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ‘ਚ ਰੈਲੀ ਕਰਕੇ ਲੋਕਾਂ ਨੂੰ ਜਜ਼ਬਾਤੀ ਅਪੀਲ ਕੀਤੀ ਕਿ ਉਹ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਹਰਾ ਕੇ ਉਨ੍ਹਾਂ ਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਚੁਣਨ। ਇਹ ਉਹ ਸ਼ਹਿਰ ਹੈ, ਜਿਥੇ 12 ਹਫ਼ਤੇ ਪਹਿਲਾਂ ਟਰੰਪ ‘ਤੇ ਹਮਲਾ ਹੋਇਆ ਸੀ। ਰੈਲੀ ‘ਚ ਟੈਸਲਾ ਦੇ ਮਾਲਕ ਐਲਨ ਮਸਕ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸੈਨੇਟਰ ਜੇ.ਡੀ. ਵੈਂਸ ਵੀ ਹਾਜ਼ਰ ਸਨ। ਟਰੰਪ ਨੇ ਕਿਹਾ, ”ਸਾਨੂੰ ਰਲ ਕੇ ਉਸ (ਕਮਲਾ ਹੈਰਿਸ) ਨੂੰ ਮੁਲਕ ਤਬਾਹ ਕਰਨ ਤੋਂ ਰੋਕਣਾ ਹੋਵੇਗਾ। ਉਸ ਦਾ ਕੱਟੜਪੰਥੀ ਏਜੰਡਾ ਲਾਗੂ ਨਹੀਂ ਹੋਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਸਾਰਿਆਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਵੋਟ ਪਾਉਣਾ ਚਾਹੀਦਾ ਹੈ।” ਕਮਲਾ ਹੈਰਿਸ ‘ਤੇ ਵਰ੍ਹਦਿਆਂ ਟਰੰਪ ਨੇ ਕਿਹਾ ਕਿ ਉਹ ਸਰਹੱਦੀ ਸੁਰੱਖਿਆ ਅਤੇ ਅਰਥਚਾਰੇ ਸਮੇਤ ਕਈ ਮੁਹਾਜ਼ਾਂ ‘ਤੇ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕਮਲਾ ਨੇ ਪੈਨਸਿਲਵੇਨੀਆ ਉਪਰ ਕੁਦਰਤੀ ਗੈਸ ਬਰਾਮਦਗੀ ‘ਤੇ ਪਾਬੰਦੀ ਲਾਈ ਹੈ, ਜੋ ਊਰਜਾ ਵਰਕਰਾਂ ਅਤੇ ਕੀਮਤਾਂ ‘ਤੇ ਮਾੜਾ ਅਸਰ ਪਾ ਰਹੀ ਹੈ। ਟਰੰਪ ਨੇ ਕਿਹਾ ਕਿ ਜੇ ਉਹ ਮੁੜ ਰਾਸ਼ਟਰਪਤੀ ਬਣੇ, ਤਾਂ ਪਹਿਲੇ ਦਿਨ ਹੀ ਸਰਹੱਦ ਸੀਲ ਕਰਨ ਅਤੇ ਪ੍ਰਵਾਸੀਆਂ ਦੇ ਮੁਲਕ ਅੰਦਰ ਦਾਖ਼ਲ ਹੋਣ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲੈਣਗੇ। ਆਪਣੇ ਸੰਖੇਪ ਭਾਸ਼ਣ ‘ਚ ਮਸਕ ਨੇ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਟਰੰਪ ਨੂੰ ਜਿਤਾਉਣਾ ਚਾਹੀਦਾ ਹੈ। ਉਨ੍ਹਾਂ ਅਮਰੀਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟ ਜ਼ਰੂਰ ਪਾਉਣ ਕਿਉਂਕਿ ਇਹ ਆਖਰੀ ਚੋਣ ਹੋ ਸਕਦੀ ਹੈ।