#AMERICA

ਟਰੰਪ ਵੱਲੋਂ ਫਰਾਂਸੀਸੀ ਵਾਈਨ ਅਤੇ ਸ਼ੈਂਪੇਨ ‘ਤੇ 200 ਫੀਸਦੀ ਟੈਰਿਫ ਲਾਉਣ ਦੀ ਧਮਕੀ

ਫਰਾਂਸ ਦੇ ਰਾਸ਼ਟਰਪਤੀ ਨੇ ਗਾਜ਼ਾ ਪੀਸ ਬੋਰਡ ‘ਚ ਸ਼ਾਮਲ ਹੋਣ ਤੋਂ ਕੀਤਾ ਸੀ ਇਨਕਾਰ
ਵਾਸ਼ਿੰਗਟਨ/ਪੈਰਿਸ, 22 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸੀਸੀ ਵਾਈਨ ਅਤੇ ਸ਼ੈਂਪੇਨ ‘ਤੇ 200 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਇਹ ਚਿਤਾਵਨੀ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੇ ਗਾਜ਼ਾ ਪੀਸ ਬੋਰਡ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਫਰਾਂਸ ਨੂੰ ਗਾਜ਼ਾ ਪੀਸ ਬੋਰਡ ‘ਚ ਸ਼ਾਮਲ ਹੋਣ ਲਈ ਕਿਹਾ ਸੀ।
ਟਰੰਪ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਇਮੈਨੁਅਲ ਮੈਕਰੌਂ ਨੂੰ ਹੁਣ ਸ਼ਾਂਤੀ ਬੋਰਡ ਵਿਚ ਸ਼ਾਮਲ ਵੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਫਰਾਂਸ ਦੇ ਰਾਸ਼ਟਰਪਤੀ ਦੀ ਕੁਰਸੀ ਵੀ ਖਤਰੇ ਵਿਚ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਗਾਜ਼ਾ ਵਿਚ ਪ੍ਰਸ਼ਾਸਕੀ ਕਾਰਵਾਈ ਕਰਨ ਲਈ ਨੈਸ਼ਨਲ ਕਮੇਟੀ ਫਾਰ ਦਿ ਐਡਮਨਿਸਟਰੇਸ਼ਨ ਆਫ ਗਾਜ਼ਾ ਬਣਾਈ ਸੀ। ਟਰੰਪ ਨੇ ਇਸ ਕਮੇਟੀ ਵਿਚ ਸ਼ਾਮਲ ਹੋਣ ਲਈ 60 ਦੇਸ਼ਾਂ ਨੂੰ ਸੱਦਾ ਦਿੱਤਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਟਰੰਪ ਨੇ ਮੈਕਰੌਂ ਦਾ ਇਕ ਮੋਬਾਈਲ ਸੰਦੇਸ਼ ਵੀ ਵਾਇਰਲ ਕਰ ਦਿੱਤਾ ਹੈ। ਮੈਕਰੋਂ ਨੇ ਇਸ ਸੰਦੇਸ਼ ਵਿਚ ਕਿਹਾ ਸੀ ਕਿ ਉਹ ਸੀਰੀਆ ਦੇ ਮੁੱਦੇ ‘ਤੇ ਅਮਰੀਕਾ ਨਾਲ ਸਹਿਮਤ ਹਨ ਤੇ ਈਰਾਨ ਦੇ ਮਾਮਲੇ ਵਿਚ ਵੀ ਉਹ ਕਾਫੀ ਕੁਝ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਮਰੀਕਾ ਗਰੀਨਲੈਂਡ ਵਿਚ ਕੀ ਕਰ ਰਿਹਾ ਹੈ। ਇਨ੍ਹਾਂ ਮੁੱਦਿਆਂ ‘ਤੇ ਵਿਚਾਰ ਕਰਨ ਲਈ ਮੈਕਰੌਂ ਨੇ ਟਰੰਪ ਨੂੰ ਜੀ-7 ਮੀਟਿੰਗ ਸੱਦਣ ਦਾ ਸੁਝਾਅ ਦਿੱਤਾ।
ਮੈਕਰੋਂ ਦੇ ਰੁਖ਼ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ, ”ਉਸ ਨੇ ਕੀ ਕਿਹਾ ਸੀ? ਖੈਰ, ਕੋਈ ਵੀ ਉਸ ਨੂੰ ਨਹੀਂ ਚਾਹੁੰਦਾ ਕਿਉਂਕਿ ਉਹ ਬਹੁਤ ਜਲਦੀ ਅਹੁਦੇ ਤੋਂ ਬਾਹਰ ਹੋ ਜਾਵੇਗਾ। ਮੈਂ ਉਸ ਦੀਆਂ ਵਾਈਨ ਅਤੇ ਸ਼ੈਂਪੇਨ ‘ਤੇ 200 ਫੀਸਦੀ ਟੈਰਿਫ ਲਗਾਵਾਂਗਾ ਅਤੇ ਉਹ ਸ਼ਾਂਤੀ ਬੋਰਡ ਵਿਚ ਸ਼ਾਮਲ ਹੋ ਜਾਵੇਗਾ ਪਰ ਉਸ ਦਾ ਸ਼ਾਮਲ ਹੋਣਾ ਜ਼ਰੂਰੀ ਨਹੀਂ ਹੈ।” ਇਹ ਵੀ ਦੱਸਣਾ ਬਣਦਾ ਹੈ ਕਿ ਫਰਾਂਸ ਵਲੋਂ ਅਮਰੀਕਾ ਦੀ ਗਰੀਨਲੈਂਡ ਦੇ ਮਾਮਲੇ ‘ਤੇ ਨਿਖੇਧੀ ਕਰਨ ਤੋਂ ਬਾਅਦ ਟਰੰਪ ਨੇ ਇਹ ਧਮਕੀ ਦਿੱਤੀ ਹੈ।