#AMERICA

ਟਰੰਪ ਵੱਲੋਂ ਕੈਨੇਡਾ ‘ਤੇ 50% ਟੈਰਿਫ ਲਗਾਉਣ ਦੀ ਦਿੱਤੀ ਧਮਕੀ

ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰਦਿਆਂ ਜਹਾਜ਼ਾਂ ਦੀ ਦਰਾਮਦ ‘ਤੇ ਭਾਰੀ ਵਪਾਰਕ ਜੁਰਮਾਨੇ ਅਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਓਟਾਵਾ (ਕੈਨੇਡਾ) ‘ਤੇ ਅਮਰੀਕਾ ਵਿਚ ਬਣੇ ਜਹਾਜ਼ਾਂ ਨੂੰ ਰੋਕਣ ਦਾ ਦੋਸ਼ ਲਗਾਇਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਵਿਵਾਦ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਕੈਨੇਡਾ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।
ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਕੈਨੇਡਾ ਨੇ ”ਗਲਤ ਅਤੇ ਗੈਰ-ਕਾਨੂੰਨੀ” ਤਰੀਕੇ ਨਾਲ ਅਮਰੀਕੀ ਕੰਪਨੀ ਦੇ ਗਲਫਸਟਰੀਮ 500, 600, 700 ਅਤੇ 800 ਜੈੱਟਾਂ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਨ੍ਹਾਂ ਜਹਾਜ਼ਾਂ ਨੂੰ ਦੁਨੀਆ ਦੇ ਸਭ ਤੋਂ ਉੱਨਤ ਜਹਾਜ਼ ਦੱਸਿਆ। ਇਸ ਦੇ ਜਵਾਬ ਵਿਚ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਹੁਣ ਕੈਨੇਡਾ ਦੇ ਬੰਬਾਰਡੀਅਰ ਗਲੋਬਲ ਐਕਸਪ੍ਰੈੱਸ ਅਤੇ ਹੋਰ ਸਾਰੇ ਕੈਨੇਡੀਅਨ ਜਹਾਜ਼ਾਂ ਦੀ ਮਾਨਤਾ ਰੱਦ ਕਰ ਦੇਵੇਗਾ।
ਟਰੰਪ ਨੇ ਸਪੱਸ਼ਟ ਕੀਤਾ ਕਿ ਜੇਕਰ ਕੈਨੇਡਾ ਨੇ ਆਪਣੀ ਰੈਗੂਲੇਟਰੀ ਪ੍ਰਕਿਰਿਆ ਰਾਹੀਂ ਅਮਰੀਕੀ ਉਤਪਾਦਾਂ ਦੀ ਵਿਕਰੀ ਨੂੰ ਰੋਕਣਾ ਬੰਦ ਨਾ ਕੀਤਾ, ਤਾਂ ਉਹ ਅਮਰੀਕਾ ਵਿਚ ਵਿਕਣ ਵਾਲੇ ਕਿਸੇ ਵੀ ਕੈਨੇਡੀਅਨ ਜਹਾਜ਼ ‘ਤੇ 50 ਫੀਸਦੀ ਟੈਰਿਫ ਲਗਾਉਣਗੇ। ਦੂਜੇ ਪਾਸੇ ਟਰੰਪ ਦੇ ਇਸ ਫੈਸਲੇ ਦੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਨਿਊਯਾਰਕ ਤੋਂ ਸੈਨੇਟਰ ਕਿਰਸਟਨ ਗਿਲੀਬ੍ਰੈਂਡ ਨੇ ਇਸ ਕਦਮ ਨੂੰ ”ਲਾਪ੍ਰਵਾਹੀ ਵਾਲਾ” ਦੱਸਿਆ ਹੈ। ਉਨ੍ਹਾਂ ਕਿਹਾ ਕਿ ਟਰੰਪ ਲਗਾਤਾਰ ਆਪਣੇ ਨਜ਼ਦੀਕੀ ਸਹਿਯੋਗੀ ਦੇਸ਼ਾਂ ਨੂੰ ਟੈਰਿਫ ਦੀਆਂ ਧਮਕੀਆਂ ਦੇ ਰਹੇ ਹਨ, ਜਿਸ ਦਾ ਖਮਿਆਜ਼ਾ ਆਮ ਜਨਤਾ ਅਤੇ ਛੋਟੇ ਕਾਰੋਬਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ।
ਕੈਨੇਡਾ ਅਮਰੀਕਾ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿਚੋਂ ਇੱਕ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜਹਾਜ਼ਾਂ ਦੀ ਸਰਟੀਫਿਕੇਸ਼ਨ ਨੂੰ ਲੈ ਕੇ ਸ਼ੁਰੂ ਹੋਇਆ ਇਹ ਵਿਵਾਦ ਦੋਵਾਂ ਦੇਸ਼ਾਂ ਦੇ ਡਿਪਲੋਮੈਟਿਕ ਅਤੇ ਵਪਾਰਕ ਸਬੰਧਾਂ ਵਿਚ ਵੱਡੀ ਦਰਾੜ ਪੈਦਾ ਕਰ ਸਕਦਾ ਹੈ। ਜੇਕਰ ਕੈਨੇਡੀਅਨ ਵਸਤੂਆਂ ‘ਤੇ 100 ਫੀਸਦੀ ਤੱਕ ਟੈਰਿਫ ਲਗਾਇਆ ਜਾਂਦਾ ਹੈ, ਤਾਂ ਨਿਊਯਾਰਕ ਵਾਸੀਆਂ ਨੂੰ ਖਾਦ, ਬਿਜਲੀ ਅਤੇ ਕਾਰ ਪਾਰਟਸ ਵਰਗੀਆਂ ਜ਼ਰੂਰੀ ਚੀਜ਼ਾਂ ਲਈ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਲਗਾਏ ਗਏ ਟੈਰਿਫਾਂ ਕਾਰਨ ਨਿਊਯਾਰਕ ਦੇ ਪਰਿਵਾਰਾਂ ‘ਤੇ ਲਗਭਗ M4,200 ਦਾ ਵਾਧੂ ਬੋਝ ਪਿਆ ਹੈ।