#AMERICA

ਟਰੰਪ ਵਲੋਂ ਫੈਡਰਲ ਬੈਂਕ ਦੀ ਗਵਰਨਰ ਲੀਜ਼ਾ ਕੁੱਕ ਦੀ ਛੁੱਟੀ

ਵਾਸ਼ਿੰਗਟਨ, 27 ਅਗਸਤ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਫੈਡਰਲ ਰਿਜ਼ਰਵ ਬੈਂਕ ਦੀ ਗਵਰਨਰ ਲੀਜ਼ਾ ਕੁੱਕ ਨੂੰ ਬਰਖਾਸਤ ਕਰ ਦਿੱਤਾ ਹੈ। ਟਰੰਪ ਨੇ ਆਪਣੇ ਟਰੂਥ ਸੋਸ਼ਲ ਪਲੈਟਫਾਰਮ ‘ਤੇ ਪੋਸਟ ਕੀਤੇ ਇੱਕ ਪੱਤਰ ਵਿਚ ਕਿਹਾ ਕਿ ਉਹ ਕੁੱਕ ਨੂੰ ਮੌਰਗੇਜ ਧੋਖਾਧੜੀ ਕਰਨ ਦੇ ਦੋਸ਼ਾਂ ਕਾਰਨ ਬਰਖਾਸਤ ਕਰ ਰਹੇ ਹਨ।
ਮੌਰਗੇਜ ਦਿੱਗਜਾਂ ਫੈਨੀ ਮੇਅ ਅਤੇ ਫਰੈਡੀ ਮੈਕ ਨੂੰ ਕੰਟਰੋਲ ਕਰਨ ਵਾਲੀ ਏਜੰਸੀ ਵਿਚ ਟਰੰਪ ਵੱਲੋਂ ਨਿਯੁਕਤ ਬਿਲ ਪੁਲਟੇ ਨੇ ਪਿਛਲੇ ਹਫ਼ਤੇ ਇਹ ਦੋਸ਼ ਲਗਾਏ ਸਨ।
ਫੈੱਡ ਦੇ ਬੋਰਡ ਵਿਚ ਸੱਤ ਮੈਂਬਰ ਹਨ, ਜਿਸਦਾ ਮਤਲਬ ਹੈ ਕਿ ਟਰੰਪ ਦੀ ਇਸ ਪੇਸ਼ਕਦਮੀ ਦਾ ਡੂੰਘਾ ਆਰਥਿਕ ਅਤੇ ਸਿਆਸੀ ਅਸਰ ਪੈ ਸਕਦਾ ਹੈ।
ਟਰੰਪ ਨੇ ਇਸ ਕਦਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਕੁੱਕ ਨੂੰ ਹਟਾਉਣ ਦਾ ਸੰਵਿਧਾਨਕ ਅਧਿਕਾਰ ਹੈ, ਪਰ ਅਜਿਹਾ ਕਰਨ ਨਾਲ ਇੱਕ ਸੁਤੰਤਰ ਹਸਤੀ ਵਜੋਂ ਫੈੱਡ ਦੇ ਕੰਟਰੋਲ ਬਾਰੇ ਸਵਾਲ ਖੜ੍ਹੇ ਹੋਣਗੇ। ਟਰੰਪ ਨੇ ਕਿਹਾ ਹੈ ਕਿ ਉਹ ਸਿਰਫ਼ ਉਨ੍ਹਾਂ ਅਧਿਕਾਰੀਆਂ ਨੂੰ ਨਿਯੁਕਤ ਕਰਨਗੇ, ਜੋ ਦਰਾਂ ਵਿਚ ਕਟੌਤੀ ਦਾ ਸਮਰਥਨ ਕਰਨਗੇ।