#AMERICA

ਟਰੰਪ ਵਲੋਂ ਦਾਇਰ ਮੁਕੱਦਮੇ ਦੇ ਨਿਪਟਾਰੇ ਲਈ ਯੂ-ਟਿਊਬ 2.45 ਕਰੋੜ ਡਾਲਰ ਦਾ ਭੁਗਤਾਨ ਕਰਨ ‘ਤੇ ਸਹਿਮਤ

ਵਾਸ਼ਿੰਗਟਨ, 1 ਅਕਤੂਬਰ (ਪੰਜਾਬ ਮੇਲ)- ਗੂਗਲ ਦੇ ਵੀਡੀਓ ਪਲੇਟਫਾਰਮ ਯੂ-ਟਿਊਬ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 6 ਜਨਵਰੀ, 2021 ਨੂੰ ਯੂ.ਐੱਸ. ਕੈਪੀਟਲ ‘ਤੇ ਹੋਏ ਹਮਲੇ ਤੋਂ ਬਾਅਦ 2021 ‘ਚ ਉਨ੍ਹਾਂ ਦਾ ਅਕਾਊਂਟ ਮੁਅੱਤਲ ਕਰਨ ਨਾਲ ਸੰਬੰਧਤ ਮੁਕੱਦਮੇ ਦਾ ਨਿਪਟਾਰਾ ਕਰਨ ਲਈ 2.45 ਕਰੋੜ ਡਾਲਰ ਦਾ ਭੁਗਤਾਨ ਕਰਨ ‘ਤੇ ਸਹਿਮਤੀ ਜ਼ਾਹਰ ਕੀਤੀ ਹੈ। ਕੈਲੀਫੋਰਨੀਆ ਦੀ ਅਦਾਲਤ ‘ਚ ਦਾਇਰ ਦਸਤਾਵੇਜ਼ਾਂ ਅਨੁਸਾਰ, ਇਸ ਸਮਝੌਤੇ ਦੇ ਅਧੀਨ 2.2 ਕਰੋੜ ਡਾਲਰ ਦੀ ਰਾਸ਼ੀ ਨੈਸ਼ਨਲ ਮਾਲ ਟਰੱਸਟ ਨੂੰ ਦਾਨ ਕੀਤੀ ਜਾਵੇਗੀ ਅਤੇ ਬਾਕੀ ਰਾਸ਼ੀ ਅਮਰੀਕਨ ਕੰਜਰਵੇਟਿਵ ਯੂਨੀਅਨ ਸਣੇ ਹੋਰ ਵਾਦੀਆਂ ਨੂੰ ਜਾਵੇਗੀ।
ਟਰੰਪ ਵਲੋਂ ਦਾਇਰ ਮੁਕੱਦਮਿਆਂ ਦਾ ਨਿਪਟਾਰਾ ਕਰਨ ਵਾਲੀਆਂ ਕੰਪਨੀਆਂ ‘ਚ ਗੂਗਲ ਨਵੀ  ਵੱਡੀ ਟੇਕ ਕੰਪਨੀ ਹੈ। ਜਨਵਰੀ ‘ਚ, ਮੈਟਾ ਪਲੇਟਫਾਰਮਸ ਨੇ ਫੇਸਬੁੱਕ ਤੋਂ 2021 ‘ਚ ਉਨ੍ਹਾਂ ਦੇ ਮੁਅੱਤਲ ਨਾਲ ਸੰਬੰਧਤ ਮੁਕੱਦਮੇ ਦਾ ਨਿਪਟਾਰਾ ਕਰਨ ਲਈ 2.5 ਕਰੋੜ ਡਾਲਰ ਦਾ ਭੁਗਤਾਨ ਕਰਨ ‘ਤੇ ਸਹਿਮਤੀ ਜ਼ਾਹਰ ਕੀਤੀ ਸੀ। ਐਲਨ ਮਸਕ ਦੀ ਕੰਪਨੀ ‘ਐਕਸ’ ਨੇ ਉਸ ਸਮੇਂ ਟਵਿੱਟਰ ਦੇ ਨਾਂ ਨਾਲ ਜਾਣੀ ਜਾਣ ਵਾਲੀ ਕੰਪਨੀ ਦੇ ਖ਼ਿਲਾਫ਼ ਇਕ ਕਰੋੜ ਡਾਲਰ ‘ਚ ਇਸੇ ਤਰ੍ਹਾਂ ਦੇ ਮੁਕੱਦਮੇ ਦਾ ਨਿਪਟਾਰਾ ਕਰਨ ‘ਤੇ ਸਹਿਮਤੀ ਜ਼ਾਹਰ ਕੀਤੀ ਸੀ। ਗੂਗਲ ਨੇ ਸਮਝੌਤੇ ਦੀ ਪੁਸ਼ਟੀ ਕੀਤੀ ਪਰ ਕੋਈ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।