ਵਾਸ਼ਿੰਗਟਨ ਡੀ.ਸੀ., 31 ਦਸੰਬਰ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ 2026 ‘ਚ ਦੇਸ਼ ਵਿਆਪੀ ਦੇਸ਼ ਨਿਕਾਲੇ ਦੀ ਕਾਰਵਾਈ ਨੂੰ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਯੂ.ਐੱਸ. ਸਰਕਾਰ ਨੇ ਇਸ ਦੇ ਲਈ 170 ਬਿਲੀਅਨ ਡਾਲਰ ਅਲਾਟ ਕੀਤੇ ਹਨ ਅਤੇ ਇਸ ਦਾ ਉਦੇਸ਼ ਸਾਲਾਨਾ 10 ਲੱਖ ਲੋਕਾਂ ਨੂੰ ਦੇਸ਼ ਨਿਕਾਲਾ ਦੇਣਾ ਹੈ।
ਸਾਲ 2025 ‘ਚ ਅਮਰੀਕੀ ਇੰਮੀਗ੍ਰੇਸ਼ਨ ਨੀਤੀ ਵਿਚ ਇੱਕ ਮਹੱਤਵਪੂਰਨ ਤਬਦੀਲੀ ਹੋਈ ਸੀ ਅਤੇ ਟਰੰਪ ਨੇ ਇੱਥੇ ਇੰਮੀਗ੍ਰੇਸ਼ਨ ਨੀਤੀ ਸੰਬੰਧੀ ਆਪਣੀ ਸਖਤ ਨੀਤੀ ਜਾਰੀ ਰੱਖੀ। ਜੁਲਾਈ 2025 ‘ਚ ‘ਬਿੱਗ ਬਿਊਟੀਫੁੱਲ ਬਿੱਲ’ ਦੇ ਪਾਸ ਹੋਣ ਤੋਂ ਬਾਅਦ ਟਰੰਪ ਸਰਕਾਰ ਇੰਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਲਈ ਇੱਕ ਵੱਡਾ ਬਜਟ ਲੈ ਕੇ ਹਾਜ਼ਰ ਹੋ ਰਹੀ ਹੈ। ਇਹ ਬਜਟ ਹੁਣ ਤੱਕ ਦਾ ਇੰਮੀਗ੍ਰੇਸ਼ਨ ਲਾਗੂ ਕਰਨ ਲਈ ਕਾਂਗਰਸ ਵੱਲੋਂ ਅਲਾਟ ਕੀਤਾ ਗਿਆ ਸਭ ਤੋਂ ਵੱਡਾ ਬਜਟ ਹੈ। ਇਹ ਬਜਟ ਅਮਰੀਕਾ ਭਰ ਵਿਚ ਸਾਰੇ ਸਥਾਨਕ ਅਤੇ ਸਟੇਟ ਪੁਲਿਸ ਬਲਾਂ ਦੇ ਸਾਲਾਨਾ ਖਰਚੇ ਤੋਂ ਕਿਤੇ ਵੱਧ ਹੈ। ਇਸ ਦੇ ਨਾਲ-ਨਾਲ ਅਮਰੀਕਾ ਵਿਚ ਸਿੱਖਿਆ ਲਈ ਰੱਖੇ ਬਜਟ ਤੋਂ ਇਹ 5 ਗੁਣਾ ਜ਼ਿਆਦਾ ਹੈ। ਇਸ ਬਜਟ ਵਿਚੋਂ ICE ਨੂੰ ਆਉਣ ਵਾਲੇ ਅਗਲੇ 3 ਸਾਲਾਂ ਵਿਚ 75 ਬਿਲੀਅਨ ਡਾਲਰ ਪ੍ਰਾਪਤ ਹੋਣਗੇ।
ਇਸ ਦੇ ਨਾਲ-ਨਾਲ ਨਵੀਆਂ ਜੇਲ੍ਹਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ, ਜਿਸ ਉੱਤੇ 45 ਬਿਲੀਅਨ ਡਾਲਰ ਖਰਚ ਕਰਨ ਦਾ ਅਨੁਮਾਨ ਹੈ ਅਤੇ ਗੈਰ ਕਾਨੂੰਨੀ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਦੇਸ਼ ਨਿਕਾਲੇ ਦੇ ਕਾਰਜਾਂ ਲਈ 30 ਬਿਲੀਅਨ ਡਾਲਰ ਰੱਖੇ ਗਏ ਹਨ। ਇਸ ਫੰਡਿੰਗ ਨਾਲ ICE 10 ਹਜ਼ਾਰ ਨਵੇਂ ਅਧਿਕਾਰੀਆਂ ਨੂੰ ਵੀ ਨਿਯੁਕਤ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ICE ਹੋਰ ਵੀ ਸਖਤੀ ਨਾਲ ਕੰਮ ਕਰਨ ਦੇ ਕਾਬਲ ਹੋ ਜਾਵੇਗੀ। ਇਸ ਬਜਟ ਵਿਚ ਗੈਰ ਕਾਨੂੰਨੀ ਲੋਕਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਵਾਪਸ ਛੱਡਣ ਲਈ ਬੋਇੰਗ 737 ਸਮੇਤ ਨਵੇਂ ਜਹਾਜ਼ ਵੀ ਖਰੀਦੇ ਜਾ ਰਹੇ ਹਨ।
2026 ਵਿਚ ਟਰੰਪ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਲੋਕਾਂ ਦੀਆਂ ਗ੍ਰਿਫਤਾਰੀਆਂ ਵਿਚ ਵੱਡਾ ਵਾਧਾ ਕੀਤਾ ਜਾ ਰਿਹਾ ਹੈ। ICE ਵੱਲੋਂ ਛਾਪੇਮਾਰੀ ਵਧਾਈ ਜਾ ਰਹੀ ਹੈ।
ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਇੱਥੇ ਹੁਣ ਸਿਟੀਜ਼ਨਸ਼ਿਪ ਪ੍ਰਾਪਤ ਲੋਕਾਂ ‘ਤੇ ਵੀ ਨਕੇਲ ਕੱਸੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਘੱਟੋ-ਘੱਟ ਪ੍ਰਤੀ ਮਹੀਨਾ 100 ਤੋਂ 200 ਸਿਟੀਜ਼ਨਸ਼ਿਪ ਪ੍ਰਾਪਤ ਅਪਰਾਧਿਕ ਕਿਸਮ ਦੇ ਲੋਕਾਂ ਦੀਆਂ ਸਿਟੀਜ਼ਨਸ਼ਿਪ ਰੱਦ ਕੀਤੀਆਂ ਜਾਣ।
ਟਰੰਪ ਪ੍ਰਸ਼ਾਸਨ ਵੱਲੋਂ 2026 ‘ਚ ਇੰਮੀਗ੍ਰੇਸ਼ਨ ਕਾਰਵਾਈ ‘ਚ ਵੱਡਾ ਵਾਧਾ ਕਰਨ ਦੀ ਯੋਜਨਾ

