ਵਾਸ਼ਿੰਗਟਨ, 19 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਰਾਸ਼ਟਰਪਤੀ ਚੋਣ ਨੂੰ ਲੈ ਕੇ ਬਹਿਸ ਹੋਣ ਜਾ ਰਹੀ ਹੈ। ਜਿਸ ਲਈ ਟਰੰਪ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਮੁਤਾਬਕ ਟਰੰਪ ਨੇ ਬਹਿਸ ਭਾਸ਼ਨ ਵਿਚ ਆਪਣੀ ਪਾਰਟੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਾਬਕਾ ਡੈਮੋਕ੍ਰੇਟਿਕ ਕਾਂਗਰਸ ਵੂਮੈਨ ਅਤੇ ਹਿੰਦੂ-ਅਮਰੀਕੀ ਨੇਤਾ ਤੁਲਸੀ ਗਬਾਰਡ ਦੀ ਮਦਦ ਮੰਗੀ ਹੈ। ਡੋਨਾਲਡ ਟਰੰਪ ਅਤੇ ਭਾਰਤੀ ਮੂਲ ਦੀ ਨੇਤਾ ਕਮਲਾ ਹੈਰਿਸ 10 ਸਤੰਬਰ ਨੂੰ ਮੀਡੀਆ ਸਾਹਮਣੇ ਇੱਕ ਦੂਜੇ ਨਾਲ ਬਹਿਸ ਕਰਨਗੇ।
ਤੁਲਸੀ ਗਬਾਰਡ ਦਾ ਜਨਮ ਅਮਰੀਕਾ ਦੇ ਹਵਾਈ ਰਾਜ ਵਿਚ ਅਮਰੀਕੀ ਸਮੋਅਨ ਮੂਲ ਦੇ ਇੱਕ ਪਰਿਵਾਰ ਵਿਚ ਹੋਇਆ ਸੀ। ਉਸ ਦੇ ਪਿਤਾ ਇੱਕ ਕੈਥੋਲਿਕ ਸਨ ਅਤੇ ਉਸ ਦੀ ਮਾਤਾ ਹਿੰਦੂ ਧਰਮ ਦੀ ਪੈਰੋਕਾਰ ਸੀ। ਤੁਲਸੀ ਗਬਾਰਡ ਨੇ ਵੀ ਹਿੰਦੂ ਧਰਮ ਨੂੰ ਅਪਣਾ ਲਿਆ ਸੀ। ਉਹ ਭਾਰਤ ਅਤੇ ਅਮਰੀਕਾ ਦਰਮਿਆਨ ਚੰਗੇ ਸਬੰਧਾਂ ਦੀ ਵੀ ਵਕਾਲਤ ਕਰਦੀ ਰਹੀ ਹੈ। ਟਰੰਪ ਅਤੇ ਕਮਲਾ ਹੈਰਿਸ ਵਿਰੁੱਧ ਪਹਿਲੀ ਰਾਸ਼ਟਰਪਤੀ ਬਹਿਸ ਨੂੰ ਲੋਕ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ। ਟਰੰਪ ਉਸੇ ਬਹਿਸ ਵਿਚ ਕਮਲਾ ਹੈਰਿਸ ਨੂੰ ਹਰਾ ਕੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ, ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲੀ ਬਹਿਸ ਵਿਚ ਜੋਅ ਬਾਇਡਨ ਨੂੰ ਹਰਾਇਆ ਸੀ। ਇਹੀ ਕਾਰਨ ਹੈ ਕਿ ਟਰੰਪ ਬਹਿਸ ਦੀ ਤਿਆਰੀ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ।
ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਾਬਕਾ ਡੈਮੋਕ੍ਰੇਟ ਸੰਸਦ ਮੈਂਬਰ ਤੁਲਸੀ ਗਬਾਰਡ ਇਸ ਕੰਮ ‘ਚ ਟਰੰਪ ਦੀ ਪੂਰੀ ਮਦਦ ਕਰ ਰਹੀ ਹੈ। ਇਸ ਤੋਂ ਪਹਿਲੇ ਤੁਲਸੀ ਨੇ ਸੰਨ 2019 ਵਿਚ ਇੱਕ ਬਹਿਸ ਵਿਚ ਕਮਲਾ ਹੈਰਿਸ ਨੂੰ ਹਰਾਇਆ ਸੀ। ਇਸ ਲਈ ਡੋਨਾਲਡ ਟਰੰਪ ਨੂੰ ਬਹਿਸ ਲਈ ਤਿਆਰ ਕਰਨ ਲਈ ਤੁਲਸੀ ਗਬਾਰਡ ਨੂੰ ਚੁਣਿਆ ਗਿਆ ਹੈ। ਤੁਲਸੀ ਗਬਾਰਡ ਨੇ 2020 ਵਿਚ ਡੈਮੋਕ੍ਰੇਟਿਕ ਪਾਰਟੀ ਛੱਡ ਦਿੱਤੀ ਸੀ ਅਤੇ ਹੁਣ ਉਸ ਨੂੰ ਟਰੰਪ ਸਮਰਥਕ ਮੰਨਿਆ ਜਾਂਦਾ ਹੈ। 2019 ਵਿਚ, ਤੁਲਸੀ ਗਬਾਰਡ ਨੇ ਇੱਕ ਬਹਿਸ ਦੌਰਾਨ ਕਮਲਾ ਹੈਰਿਸ ਨੂੰ ਕਈ ਮੁੱਦਿਆਂ ‘ਤੇ ਬੇਵਕੂਫ਼ ਬਣਾ ਕੇ ਛੱਡ ਦਿੱਤਾ ਸੀ। ਤੁਲਸੀ ਗਬਾਰਡ ਅਤੇ ਕਮਲਾ ਹੈਰਿਸ 2020 ਵਿਚ ਅਮਰੀਕੀ ਰਾਸ਼ਟਰਪਤੀ ਦੇ ਦਾਅਵੇਦਾਰਾਂ ਵਿਚ ਸ਼ਾਮਲ ਸਨ। ਇਸ ਕਾਰਨ 2019 ‘ਚ ਡੈਮੋਕ੍ਰੇਟ ਪ੍ਰਾਇਮਰੀ ਚੋਣਾਂ ਦੌਰਾਨ ਦੋਵਾਂ ਵਿਚਾਲੇ ਵੀ ਬਹਿਸ ਹੋਈ ਸੀ।