#AMERICA

ਟਰੰਪ ਨੇ ਅਮਰੀਕਾ ਨੂੰ ਯੂ.ਐੱਨ. ਮਨੁੱਖੀ ਅਧਿਕਾਰ ਕੌਂਸਲ ਤੋਂ ਕੀਤਾ ਵੱਖ

ਨਿਊਯਾਰਕ, 6 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ.ਐੱਨ.ਐੱਚ.ਆਰ.ਸੀ.) ਤੋਂ ਅਮਰੀਕਾ ਦੇ ਵੱਖ ਹੋਣ ਸਬੰਧੀ ਇਕ ਸਰਕਾਰੀ ਹੁਕਮ ‘ਤੇ ਹਸਤਾਖ਼ਰ ਕੀਤੇ ਅਤੇ ਫਲਸਤੀਨੀ ਸ਼ਰਨਾਰਥੀਆਂ ਲਈ ਏਜੰਸੀ ਨੂੰ ਭਵਿੱਖ ‘ਚ ਸਹਾਇਤਾ ਰਾਸ਼ੀ ਜਾਰੀ ਕਰਨ ‘ਤੇ ਵੀ ਰੋਕ ਲਗਾ ਦਿੱਤੀ ਹੈ।
ਟਰੰਪ ਨੇ ਬੀਤੇ ਦਿਨੀਂ ਆਪਣੇ ਪ੍ਰਸ਼ਾਸਨ ਨੂੰ ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ‘ਚ ਉਸ ਦੀ ਭਾਗੀਦਾਰੀ ਦੀ ਸਮੀਖਿਆ ਕਰਨ ਦਾ ਵੀ ਨਿਰਦੇਸ਼ ਦਿੱਤਾ। ਸਰਕਾਰੀ ਹੁਕਮ ‘ਚ ਕਿਹਾ ਗਿਆ, ”ਅਮਰੀਕਾ ਨੇ ਦੂਜੀ ਸੰਸਾਰ ਜੰਗ ਮਗਰੋਂ ਭਵਿੱਖ ਦੇ ਆਲਮੀ ਸੰਘਰਸ਼ ਰੋਕਣ ਤੇ ਕੌਮਾਂਤਰੀ ਅਮਨ ਤੇ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਸੰਯੁਕਤ ਰਾਸ਼ਟਰ ਦੀ ਸਥਾਪਨਾ ‘ਚ ਮਦਦ ਕੀਤੀ ਸੀ ਪਰ ਇਸ ਦੀਆਂ ਕੁਝ ਏਜੰਸੀਆਂ ਤੇ ਇਕਾਈਆਂ ਇਸ ਮਿਸ਼ਨ ਤੋਂ ਭਟਕ ਗਈਆਂ ਹਨ ਅਤੇ ਇਸ ਦੀ ਥਾਂ ਅਮਰੀਕਾ ਦੇ ਹਿੱਤਾਂ ਖ਼ਿਲਾਫ਼ ਕੰਮ ਕਰਕੇ ਸਾਡੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਯਹੂਦੀ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ।” ਹੁਕਮਾਂ ‘ਚ ਕਿਹਾ ਗਿਆ ਹੈ ਕਿ 2018 ਦੀ ਤਰ੍ਹਾਂ ਅਮਰੀਕਾ ਇਨ੍ਹਾਂ ਸੰਸਥਾਵਾਂ ਤੇ ਸੰਯੁਕਤ ਰਾਸ਼ਟਰ ਦੇ ਤਿੰਨ ਸੰਗਠਨਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਦਾ ਮੁਲਾਂਕਣ ਕਰੇਗਾ, ਜਿਨ੍ਹਾਂ ਦੀ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ‘ਚ ਯੂ.ਐੱਨ.ਐੱਚ.ਆਰ.ਸੀ., ਯੂਨੈਸਕੋ ਤੇ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਰਾਹਤ ਤੇ ਬਚਾਅ ਏਜੰਸੀ ਦਾ ਨਾਂ ਸ਼ਾਮਲ ਹੈ।