ਤੇਹਰਾਨ, 16 ਜਨਵਰੀ (ਪੰਜਾਬ ਮੇਲ)- ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਇੱਕ ਵਾਰ ਫਿਰ ਸਿਖਰਾਂ ‘ਤੇ ਪਹੁੰਚ ਗਿਆ ਹੈ। ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ ਹੈ ਕਿ “ਇਸ ਵਾਰ ਨਿਸ਼ਾਨਾ ਨਹੀਂ ਖੁੰਝੇਗਾ”। ਈਰਾਨੀ ਸਰਕਾਰੀ ਟੈਲੀਵਿਜ਼ਨ ‘ਤੇ ਟਰੰਪ ਦੀ ਉਹ ਤਸਵੀਰ ਪ੍ਰਸਾਰਿਤ ਕੀਤੀ ਗਈ ਹੈ, ਜਦੋਂ 2024 ਵਿੱਚ ਪੈਨਸਿਲਵੇਨੀਆ ਦੀ ਇੱਕ ਚੋਣ ਰੈਲੀ ਦੌਰਾਨ ਉਨ੍ਹਾਂ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਈਰਾਨੀ ਮੀਡੀਆ ਵੱਲੋਂ ਵਰਤੀ ਗਈ ਤਸਵੀਰ ਜੁਲਾਈ 2024 ਦੀ ਹੈ, ਜਦੋਂ ਬਟਲਰ, ਪੈਨਸਿਲਵੇਨੀਆ ਵਿੱਚ ਇੱਕ ਬੰਦੂਕਧਾਰੀ ਨੇ ਟਰੰਪ ‘ਤੇ ਗੋਲੀਆਂ ਚਲਾਈਆਂ ਸਨ। ਇਸ ਹਮਲੇ ਵਿਚ ਟਰੰਪ ਦੇ ਕੰਨ ‘ਤੇ ਗੋਲੀ ਲੱਗੀ ਸੀ। ਹੁਣ ਈਰਾਨ ਵੱਲੋਂ ਇਸ ਘਟਨਾ ਦਾ ਹਵਾਲਾ ਦੇ ਕੇ ਦਿੱਤੀ ਗਈ ਧਮਕੀ ਨੇ ਦੋਵਾਂ ਦੇਸ਼ਾਂ ਵਿਚਾਲੇ ਸ਼ਬਦੀ ਜੰਗ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਦੂਜੇ ਪਾਸੇ, ਡੋਨਾਲਡ ਟਰੰਪ ਨੇ ਵੀ ਈਰਾਨ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਰਾਨ ਨੇ ਆਪਣੇ ਦੇਸ਼ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਮਾਰਨਾ ਜਾਰੀ ਰੱਖਿਆ, ਤਾਂ ਅਮਰੀਕਾ ਉਨ੍ਹਾਂ ਦੀ ਮਦਦ ਲਈ ਅੱਗੇ ਆਵੇਗਾ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਲਿਖਿਆ ਕਿ ਅਮਰੀਕਾ “ਲੌਕਡ ਐਂਡ ਲੋਡਿਡ” (ਕਿਸੇ ਵੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ) ਹੈ। ਵਧਦੇ ਤਣਾਅ ਨੂੰ ਦੇਖਦੇ ਹੋਏ ਬ੍ਰਿਟੇਨ ਨੇ ਇਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਆਪਣਾ ਦੂਤਘਰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ ਅਤੇ ਆਪਣੇ ਸਾਰੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਦੂਜੇ ਪਾਸੇ ਅਮਰੀਕਾ ਨੇ ਵੀ ਕਤਰ ਵਿੱਚ ਆਪਣੇ ਸਭ ਤੋਂ ਵੱਡੇ ਏਅਰਬੇਸ ‘ਅਲ ਉਦੈਦ’ ਤੋਂ ਕੁਝ ਕਰਮਚਾਰੀਆਂ ਨੂੰ ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਹੈ। ਰਿਪੋਰਟਾਂ ਮੁਤਾਬਕ ਟਰੰਪ ਪ੍ਰਸ਼ਾਸਨ ਈਰਾਨ ਵਿਰੁੱਧ ਸੰਭਾਵੀ ਫੌਜੀ ਹਮਲਿਆਂ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਕਾਰਨ ਖੇਤਰੀ ਅਸਥਿਰਤਾ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਟਰੰਪ ਨੂੰ ਇਰਾਨ ਦੀ ਸਿੱਧੀ ਧਮਕੀ; ਇਸ ਵਾਰ ਗੋਲੀ ਸਿਰ ਦੇ ਆਰ-ਪਾਰ ਹੋਵੇਗੀ’

