#EUROPE

ਟਰੰਪ ਨਾਲ ਮੀਟਿੰਗ ਉਸਾਰੂ ਬਣਾਉਣ ਲਈ ਤਿਆਰੀ ਜ਼ਰੂਰੀ : ਪੂਤਿਨ

ਕੀਵ, 20 ਫਰਵਰੀ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣਾ ਚਾਹੁਣਗੇ ਪਰ ਇਸ ਮੀਟਿੰਗ ਨੂੰ ‘ਸਾਰਥਕ’ ਬਣਾਉਣ ਲਈ ਤਿਆਰੀ ਕੀਤੀ ਜਾਣੀ ਚਾਹੀਦੀ ਹੈ। ਪੂਤਿਨ ਨੇ ਟੈਲੀਵਿਜ਼ਨ ‘ਤੇ ਸੰਬੋਧਨ ਕਰਦਿਆਂ ਕਿਹਾ, ‘ਮੈਂ ਮੀਟਿੰਗ ਕਰਨਾ ਚਾਹੁੰਦਾ ਪਰ ਤਿਆਰੀ ਇਸ ਤਰ੍ਹਾਂ ਕਰਨੀ ਹੋਵੇਗੀ ਕਿ ਮੀਟਿੰਗ ਦੇ ਨਤੀਜੇ ਸਾਹਮਣੇ ਆਉਣ।’ ਉਨ੍ਹਾਂ ਕਿਹਾ ਕਿ ਟਰੰਪ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਪੂਤਿਨ ਨੇ ਬੀਤੇ ਦਿਨੀਂ ਸਾਊਦੀ ਅਰਬ ਦੇ ਰਿਆਧ ‘ਚ ਸੀਨੀਅਰ ਰੂਸੀ ਤੇ ਅਮਰੀਕੀ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੋਵੇਂ ਧਿਰਾਂ ਵਿਗੜੇ ਹੋਏ ਕੂਟਨੀਤਿਕ ਸੰਬੰਧਾਂ ਨੂੰ ਬਹਾਲ ਕਰਨ ‘ਤੇ ਸਹਿਮਤ ਹੋਈਆਂ ਹਨ। ਪੂਤਿਨ ਨੇ ਇਹ ਵੀ ਕਿਹਾ ਕਿ ਟਰੰਪ ਨੇ ਸਵੀਕਾਰ ਕੀਤਾ ਹੈ ਕਿ ਯੂਕਰੇਨੀ ਸਮਝੌਤੇ ‘ਚ ਉਨ੍ਹਾਂ ਦੀ ਉਮੀਦ ਤੋਂ ਵੱਧ ਸਮਾਂ ਲੱਗ ਸਕਦਾ ਹੈ।