ਵਾਸ਼ਿੰਗਟਨ, 15 ਜੂਨ (ਪੰਜਾਬ ਮੇਲ)- ਰਾਸ਼ਟਰਪਤੀ ਅਹੁਦੇ ਤੋਂ 2021 ‘ਚ ਹਟਣ ਬਾਅਦ ਗੁਪਤ ਸਰਕਾਰੀ ਦਸਤਾਵੇਜ਼ਾਂ ਨੂੰ ਗੈਰਕਾਨੂੰਨੀ ਰੂਪ ਨਾਲ ਆਪਣੇ ਕੋਲ ਰੱਖਣ ਨੂੰ ਲੈ ਕੇ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਡੋਨਾਲਡ ਟਰੰਪ ਵ੍ਹਾਈਟ ਹਾਊਸ ‘ਚ ਇਕ ਹੋਰ ਕਾਰਜਕਾਲ ਲਈ ਆਪਣੀ ਪ੍ਰਚਾਰ ਮੁਹਿੰਮ ਜਾਰੀ ਰੱਖ ਸਕਦੇ ਹਨ। ਟਰੰਪ ਨੇ ਫਲੋਰਿਡਾ ਦੇ ਮਿਆਮੀ ਸਥਿਤ ਸੰਘੀ ਭਵਨ ‘ਚ ਗੁਪਤ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਨਾਲ ਜੁੜੇ ਦੋਸ਼ਾਂ ‘ਚ ਖੁਦ ਨੂੰ ਨਿਰਦੋਸ਼ ਦੱਸਿਆ। ਉਨ੍ਹਾਂ ਨੂੰ ਰਸਮੀ ਰੂਪ ਨਾਲ ਮਿਆਮੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਮਰੀਕਾ ‘ਚ ਪਹਿਲੀ ਵਾਰ ਇਕ ਸਾਬਕਾ ਰਾਸ਼ਟਰਪਤੀ ਖਿਲਾਫ ਸੰਘੀ ਦੋਸ਼ ਲਗਾਏ ਗਏ ਹਨ। ਟਰੰਪ 2024 ਦੀਆਂ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰੀ ਦੀ ਦੌੜ ‘ਚ ਸਭ ਤੋਂ ਅੱਗੇ ਹਨ। ਮਾਹਿਰਾਂ ਅਨੁਸਾਰ ਜੇਕਰ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਕੋਈ ਵੀ ਦੋਸ਼ ਉਨ੍ਹਾਂ ਨੂੰ ਅਹੁਦਾ ਗ੍ਰਹਿਣ ਕਰਨ ਤੋਂ ਰੋਕ ਨਹੀਂ ਸਕੇਗਾ। ਸੁਣਵਾਈ ਹੁਣ ਤੋਂ ਲੈ ਕੇ ਕਈ ਮਹੀਨਿਆਂ ਤੱਕ ਚੱਲੇਗੀ ਅਤੇ ਟਰੰਪ ਇਸ ਸਮੇਂ ਦੌਰਾਨ ਪ੍ਰਚਾਰ ਕਰ ਸਕਦੇ ਹਨ।