#AMERICA

ਟਰੰਪ ਦੇ ਮਮਦਾਨੀ ਬਾਰੇ ਸੁਰ ਨਰਮ ਪਏ

ਅਮਰੀਕੀ ਰਾਸ਼ਟਰਪਤੀ ਨੇ ਸਾਰਥਕ ਗੱਲਬਾਤ ਹੋਣ ਦਾ ਦਾਅਵਾ ਕੀਤਾ
ਵਾਸ਼ਿੰਗਟਨ, 24 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊਯਾਰਕ ਸ਼ਹਿਰ ਦੇ ਮੇਅਰ ਚੁਣੇ ਗਏ ਜ਼ੋਹਰਾਨ ਮਮਦਾਨੀ ਨਾਲ ਪਲੇਠੀ ਮੁਲਾਕਾਤ ਨੂੰ ਬਹੁਤ ਸਾਰਥਕ ਦੱਸਿਆ। ਉਨ੍ਹਾਂ ਉਮੀਦ ਜਤਾਈ ਕਿ ਮਮਦਾਨੀ ਬਹੁਤ ਵਧੀਆ ਕੰਮ ਕਰ ਸਕਦਾ ਹੈ। ਦੋਵੇਂ ਆਗੂਆਂ ਵਿਚਾਲੇ ਖਿੱਚੋਤਾਣ ਦੇ ਕੁਝ ਮਹੀਨਿਆਂ ਬਾਅਦ ਉਨ੍ਹਾਂ ਮੀਟਿੰਗ ਦੌਰਾਨ ਇਕ-ਦੂਜੇ ਖ਼ਿਲਾਫ਼ ਨਰਮ ਸੁਰ ਅਪਣਾਏ। ਸ਼੍ਰੀ ਟਰੰਪ ਨੇ ਕਿਹਾ, ”ਅਸੀਂ ਮੀਟਿੰਗ ਦਾ ਆਨੰਦ ਮਾਣਿਆ। ਅਸੀਂ ਸਾਰਥਕ ਮੀਟਿੰਗ ਕੀਤੀ ਹੈ। ਦੋਹਾਂ ‘ਚ ਇਕ ਸਾਂਝੀ ਗੱਲ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਸ਼ਹਿਰ ਬਹੁਤ ਵਧੀਆ ਬਣੇ। ਮੈਂ ਮੇਅਰ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਬਹੁਤ ਹੀ ਹੁਸ਼ਿਆਰ ਵਿਅਕਤੀਆਂ ਖ਼ਿਲਾਫ਼ ਜ਼ਬਰਦਸਤ ਚੋਣ ਲੜੀ ਅਤੇ ਉਨ੍ਹਾਂ ਨੂੰ ਹਰਾ ਦਿੱਤਾ।” ਜਦੋਂ ਸ਼੍ਰੀ ਟਰੰਪ ਨੂੰ ਸਵਾਲ ਕੀਤਾ ਗਿਆ ਕਿ ਉਹ ਮਮਦਾਨੀ ਦੀ ਅਗਵਾਈ ਹੇਠਲੇ ਪ੍ਰਸ਼ਾਸਨ ਤਹਿਤ ਨਿਊਯਾਰਕ ਸਿਟੀ ‘ਚ ਰਹਿਣ ਨੂੰ ਤਰਜੀਹ ਦੇਣਗੇ, ਤਾਂ ਉਨ੍ਹਾਂ ਕਿਹਾ, ”ਮੀਟਿੰਗ ਮਗਰੋਂ ਤਾਂ ਮੈਂ ਹੁਣ ਉਥੇ ਰਹਿਣ ਲਈ ਵੀ ਤਿਆਰ ਹਾਂ। ਅਸੀਂ ਉਸ ਨੂੰ ਪੂਰਾ ਸਹਿਯੋਗ ਦੇਵਾਂਗੇ।”