ਟਰੰਪ ਪ੍ਰਸ਼ਾਸਨ ਨੇ 23 ਲੱਖ ਕਰਮਚਾਰੀਆਂ ਨੂੰ ਈਮੇਲ ਰਾਹੀਂ ਅਸਤੀਫਾ ਦੇਣ ਜਾਂ ਛਾਂਟੀ ਲਈ ਤਿਆਰ ਰਹਿਣ ਲਈ ਕਿਹਾ
ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਫੈਸਲੇ ਨੇ ਸੰਘੀ ਕਰਮਚਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਟਰੰਪ ਪ੍ਰਸ਼ਾਸਨ ਨੇ 23 ਲੱਖ ਸੰਘੀ ਕਰਮਚਾਰੀਆਂ ਨੂੰ ਈਮੇਲ ਜ਼ਰੀਏ ਸੂਚਿਤ ਕੀਤਾ ਹੈ ਕਿ ਅਸਤੀਫ਼ਾ ਦਿਓ ਜਾਂ ਫਿਰ ਛਾਂਟੀ ਲਈ ਤਿਆਰ ਰਹੋ। 23 ਲੱਖ ਕਾਮਿਆਂ ਨੂੰ ਭੇਜੀ ਗਈ ਇੱਕ ਈਮੇਲ ਅਨੁਸਾਰ ਸਵੈ-ਇੱਛਾ ਨਾਲ ਨੌਕਰੀ ਛੱਡਣ ਵਾਲਿਆਂ ਨੂੰ ਅੱਠ ਮਹੀਨਿਆਂ ਦੀ ਤਨਖਾਹ ਮਿਲੇਗੀ ਪਰ ਉਨ੍ਹਾਂ ਨੂੰ 6 ਫਰਵਰੀ ਤੱਕ ਅਜਿਹਾ ਕਰਨ ਦੀ ਚੋਣ ਕਰਨੀ ਪਵੇਗੀ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਹ ਲਾਭ ਸਿਰਫ਼ ਉਨ੍ਹਾਂ ਕਰਮਚਾਰੀਆਂ ਨੂੰ ਹੀ ਮਿਲੇਗਾ, ਜੋ ਅਗਲੇ ਹਫ਼ਤੇ ਮਤਲਬ 6 ਫਰਵਰੀ ਤੱਕ ਆਪਣੀ ਨੌਕਰੀ ਛੱਡਣ ਦੀ ਚੋਣ ਕਰਦੇ ਹਨ।
ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਨੌਕਰੀ ਛੱਡਣ ਦੀ ਪੇਸ਼ਕਸ਼ ਵਜੋਂ ਉਨ੍ਹਾਂ ਸਾਰੇ ਸੰਘੀ ਕਰਮਚਾਰੀਆਂ ਨੂੰ ਅੱਠ ਮਹੀਨਿਆਂ ਦੀ ਤਨਖਾਹ ਦਾ ਵਿਕਲਪ ਦੇ ਰਿਹਾ ਹੈ। ਇਸ ਨੂੰ ਅਮਰੀਕੀ ਸਰਕਾਰ ਦੇ ਆਕਾਰ ਨੂੰ ਘਟਾਉਣ ਲਈ ਇੱਕ ਬੇਮਿਸਾਲ ਕਦਮ ਮੰਨਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਅਮਰੀਕਾ ਵਿਚ ਸੰਘੀ ਕਰਮਚਾਰੀਆਂ ਦੀ ਛਾਂਟੀ ਦੀ ਤਿਆਰੀ ਹੈ। ਅਮਰੀਕੀ ਸਰਕਾਰ ਦੀ ਮਨੁੱਖੀ ਸਰੋਤ ਏਜੰਸੀ ਨੇ ਵੀ ਭਵਿੱਖ ਵਿਚ ਛਾਂਟੀ ਦੀ ਚਿਤਾਵਨੀ ਦਿੱਤੀ ਹੈ।
ਕਰਮਚਾਰੀਆਂ ਦੀ ਛਾਂਟੀ ਲਈ ਟਰੰਪ ਮਸਕ ਮਾਡਲ ਅਪਨਾ ਰਹੇ ਹਨ। ਅਸਲ ਵਿਚ ਮਸਕ ਨੇ ਟਵਿੱਟਰ ਖਰੀਦਣ ਮਗਰੋਂ ਛਾਂਟੀ ਲਈ ਕੁਝ ਅਜਿਹਾ ਹੀ ਮਾਡਲ ਅਪਣਾਇਆ ਸੀ। ਟਰੰਪ ਦੇ ਇਸ ਆਰਡਰ ਵਿਚ ਪੋਸਟਲ ਪਰਵਿਸ, ਇਮੀਗ੍ਰੇਸ਼ਨ ਅਤੇ ਫੌਜੀ ਸੈਕਟਰ ਸ਼ਾਮਲ ਨਹੀਂ ਹਨ। ਇਨ੍ਹਾਂ ਖੇਤਰਾਂ ਦੇ ਇਲਾਵਾ ਫ਼ੈਸਲੇ ਦਾ ਅਸਰ ਪਾਸਪੋਰਟ ਸੇਵਾ, ਯਾਤਰਾ, ਸੋਸ਼ਲ ਸਿਕਓਰਿਟੀ, ਬੀਮਾ, ਸਿੱਖਿਆ ਅਤੇ ਸਾਰੀਆਂ ਬੁਨਿਆਦੀ ਲੋੜਾਂ ‘ਤੇ ਵਿਆਪਕ ਤੌਰ ‘ਤੇ ਪਵੇਗਾ। ਅਮਰੀਕਨ ਫੈਡਰੇਸ਼ਨ ਆਫ ਗਵਰਮੈਂਟ ਐਂਪਲਾਈਜ਼ ਕਰਮਚਾਰੀ ਸੰਘ ਨੇ ਫ਼ੈਸਲੇ ਦੀ ਨਿੰਦਾ ਕੀਤੀ ਹੈ। ਸੰਘ ਨੇ ਕਿਹਾ ਕਿ ਜਿਹੜੇ ਕਰਮਚਾਰੀ ਟਰੰਪ ਪ੍ਰਸ਼ਾਸਨ ਪ੍ਰਤੀ ਵਫਾਦਾਰ ਨਹੀਂ ਹਨ, ਇਸ ਆਦੇਸ਼ ਜ਼ਰੀਏ ਉਨ੍ਹਾਂ ‘ਤੇ ਨੌਕਰੀ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸ ਦੇ ਨਤੀਜੇ ਗੰਭੀਰ ਹੋਣਗੇ।
ਇਸ ਸਭ ਵਿਚਕਾਰ ਪ੍ਰਸ਼ਾਸਨ ਨੇ ਅਰਬਾਂ ਡਾਲਰ ਦੇ ਖਰਚ ਨੂੰ ਰੋਕਣ ਵਾਲਾ ਆਪਣਾ ਹੁਕਮ ਵਾਪਸ ਲੈ ਲਿਆ ਹੈ। ਟਰੰਪ ਪ੍ਰਸ਼ਾਸਨ ਨੇ ਇਹ ਫ਼ੈਸਲਾ ਇੱਕ ਸੰਘੀ ਅਦਾਲਤ ਵੱਲੋਂ ਫ਼ੈਸਲੇ ‘ਤੇ ਰੋਕ ਲਗਾਉਣ ਤੋਂ ਬਾਅਦ ਲਿਆ। ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਫ਼ੈਸਲਾ ਵਾਪਸ ਲੈਣ ਦੀ ਜਾਣਕਾਰੀ ਦਿੱਤੀ। ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਅਮਰੀਕੀ ਪ੍ਰੋਜੈਕਟਾਂ ਲਈ ਸੈਂਕੜੇ ਅਰਬ ਡਾਲਰ ਦੀ ਸਹਾਇਤਾ ਵਿਚ ਵਿਘਨ ਪੈਣ ਦਾ ਖ਼ਤਰਾ ਹੈ। 20 ਜਨਵਰੀ ਨੂੰ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਉਨ੍ਹਾਂ ਦੀ ਸਰਕਾਰ ਨੇ ਕੋਈ ਵੱਡਾ ਫ਼ੈਸਲਾ ਵਾਪਸ ਲਿਆ ਹੈ।
ਟਰੰਪ ਦੇ ਨਵੇਂ ਫ਼ੈਸਲੇ ਨੇ ਸੰਘੀ ਕਰਮਚਾਰੀਆਂ ਦੀਆਂ ਵਧਾਈਆਂ ਮੁਸ਼ਕਲਾਂ
