ਵਿਨੀਪੈੱਗ, 10 ਸਤੰਬਰ (ਪੰਜਾਬ ਮੇਲ)-ਟਰੰਪ ਦੇ ਟੈਕਸ ਦੇ ਜਵਾਬ ‘ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਈ ਉਪਾਵਾਂ ਦਾ ਐਲਾਨ ਕੀਤਾ ਕਰਦਿਆਂ ਕਿਹਾ ਕਿ ਇਹ ਉਪਾਅ ਕੈਨੇਡਾ ਦੀ ਆਰਥਿਕਤਾ ਨੂੰ ਇਕ ਅਜਿਹੀ ਤਾਕਤ ਵਿਚ ਬਦਲ ਦੇਣਗੇ ਜੋ ਟਰੰਪ ਪ੍ਰਸ਼ਾਸਨ ਦੇ ਵਪਾਰਕ ਝਟਕਿਆਂ ਦਾ ਸਾਹਮਣਾ ਕਰ ਸਕੇ। ਉਨ੍ਹਾਂ ਕਿਹਾ, ”ਦੁਨੀਆਂ ਭਰ ਵਿਚ ਅਨਿਸ਼ਚਿਤਤਾ ਦੇ ਮੱਦੇਨਜ਼ਰ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਕਾਮੇ ਅਤੇ ਕਾਰੋਬਾਰ ਆਪਣੇ ਮੁਲਕ ਕੈਨੇਡਾ ਨੂੰ ਹੀ ਹੋਰ ਮਜ਼ਬੂਤ ਕਰਕੇ ਖ਼ੁਸ਼ਹਾਲ ਹੋਣ।”
ਕਾਰਨੀ ਦੀ ਨਵੀਂ ਯੋਜਨਾ ਵਿਚ 2026 ਲਈ ਇਲੈਕਟ੍ਰਿਕ ਗੱਡੀਆਂ (ਈ. ਵੀਜ਼) ਦੀ ਜ਼ਰੂਰੀ ਵਿਕਰੀ ਦੀ ਸ਼ਰਤ ਨੂੰ ਰੋਕ ਦਿੱਤਾ ਗਿਆ ਹੈ। ਇਹ ਫ਼ੈਸਲਾ ਆਟੋ ਉਦਯੋਗ ਦੀ ਮੰਗ ਦੇ ਤਹਿਤ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਪਹਿਲਾਂ ਨਿਯਮ ਬਣਾਇਆ ਸੀ ਕਿ 2026 ਤੱਕ ਜੋ ਨਵੀਆਂ ਕਾਰਾਂ ਵਿਕਣ, ਉਨ੍ਹਾਂ ਵਿਚੋਂ ਘੱਟੋ-ਘੱਟ 20 ਫੀਸਦੀ ਇਲੈਕਟ੍ਰਿਕ ਜਾਂ ਜ਼ੀਰੋ-ਇਮਿਸ਼ਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਇਹ ਅੰਕੜਾ 2030 ਤੱਕ 60 ਫੀਸਦੀ ਤੇ 2035 ਤੱਕ 100 ਫੀਸਦੀ ਤੈਅ ਕੀਤਾ ਗਿਆ ਸੀ, ਤਾਂ ਜੋ ਵਾਤਾਵਰਣ ਨੂੰ ਸਾਫ਼ ਰੱਖਣ ਵਾਲੇ ਟੀਚੇ ਹਾਸਲ ਕੀਤੇ ਜਾ ਸਕਣ।
ਹੁਣ ਸਰਕਾਰ ਨੇ 2026 ਲਈ ਇਸ ਨੂੰ ਰੋਕ ਦਿੱਤਾ ਹੈ ਅਤੇ ਇਸ ਨੀਤੀ ਦੀ ਸਮੀਖਿਆ ਕਰਨ ਲਈ 60 ਦਿਨਾਂ ਦਾ ਸਮਾਂ ਰੱਖਿਆ ਗਿਆ ਹੈ। ਨਵੀਂ ਉਦਯੋਗਿਕ ਰਣਨੀਤੀ ਵਿਚ ਹੋਰ ਵੀ ਕਈ ਅਹਿਮ ਕਦਮ ਚੁੱਕੇ ਗਏ ਹਨ। ਸਰਕਾਰ ਨੇ ਰੀ-ਸਕਿਲਿੰਗ ਪੈਕੇਜ ਅਧੀਨ ਰੋਜ਼ਗਾਰ ਬੀਮਾ ਬੈਨਿਫ਼ਿਟਸ ਦਾ ਵਿਸਤਾਰ ਕਰਨ, ਡਿਜੀਟਲ ਨੌਕਰੀਆਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰਨ ਅਤੇ 50,000 ਵਰਕਰਾਂ ਨੂੰ ਨਵੇਂ ਹੁਨਰ ਸਿਖਾਉਣ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਇਕ ਨਵਾਂ ਸਟੈਟਿਕ ਰਿਸਪਾਂਸ ਫ਼ੰਡ ਵੀ ਬਣਾਇਆ ਗਿਆ ਹੈ, ਜਿਸ ‘ਚ ਸਰਕਾਰ M5 ਬਿਲੀਅਨ ਦਾ ਨਿਵੇਸ਼ ਕਰਨ ਜਾ ਰਹੀ ਹੈ। ਇਹ ਰਕਮ ਉਨ੍ਹਾਂ ਉਦਯੋਗਾਂ ਲਈ ਵਰਤੀ ਜਾਵੇਗੀ ਜੋ ਅਮਰੀਕੀ ਟੈਰਿਫ਼ਾਂ ਕਾਰਨ ਪ੍ਰਭਾਵਿਤ ਹੋਏ ਹਨ।
ਸਿਰਫ਼ ਕੈਨੇਡੀਅਨ ਸਮਾਨ ਖ਼ਰੀਦੋ ਦੀ ਕੈਨੇਡਾ ਪਾਲਿਸੀ (ਕੈਨੇਡੀਅਨ ਖ਼ਰੀਦੋ) ਤਹਿਤ ਹੁਣ ਫੈਡਰਲ ਸਰਕਾਰ ਦੇ ਪ੍ਰੋਜੈਕਟਾਂ ਲਈ ਕੈਨੇਡੀਅਨ ਸਪਲਾਇਰਾਂ ਨੂੰ ਤਰਜੀਹ ਦੇਣੀ ਹੋਵੇਗੀ। ਇਸ ਦੇ ਨਾਲ-ਨਾਲ ਸੂਬਾਈ ਤੇ ਮਿਊਂਸੀਪਲ ਸਰਕਾਰਾਂ ਨੂੰ ਵੀ ਇਸੇ ਰਾਹ ‘ਤੇ ਲਿਆਉਣ ਲਈ ਰੋਡਮੈਪ ਦਿੱਤਾ ਜਾਵੇਗਾ।
ਉਧਰ ਛੋਟੇ ਤੇ ਦਰਮਿਆਨੇ ਪੱਧਰ ਦੇ ਕਾਰੋਬਾਰਾਂ ਲਈ ਵੀ ਸਰਕਾਰ ਨੇ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਬਿਜ਼ਨੈੱਸ ਡਿਵੈੱਲਪਮੈਂਟ ਬੈਂਕ ਆਫ਼ ਕੈਨੇਡਾ ਦੇ ਲੋਨ ਹੁਣ ਹੋਰ ਆਸਾਨ ਹੋਣਗੇ ਅਤੇ ਵਾਪਸੀ ਦੀ ਮਿਆਦ ਵੀ ਅਨੁਕੂਲ ਹੋਵੇਗੀ। ਉਨ੍ਹਾਂ ਕਾਰੋਬਾਰਾਂ ਲਈ ਤਿੰਨ ਸਾਲਾਂ ‘ਚ 1 ਬਿਲੀਅਨ ਡਾਲਰ ਦਾ ਵਾਧੂ ਸਹਿਯੋਗ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਖੇਤੀਬਾੜੀ ਖੇਤਰ ਨੂੰ ਵੀ ਨਵੀਂ ਰਣਨੀਤੀ ‘ਚ ਜਗ੍ਹਾ ਮਿਲੀ ਹੈ। ਸਰਕਾਰ ਨੇ 370 ਮਿਲੀਅਨ ਡਾਲਰ ਦੀ ਬਾਇਓਫਿਊਲ ਉਤਪਾਦਨ ਇਨਸੈਂਟਿਵ ਯੋਜਨਾ ਦਾ ਐਲਾਨ ਕੀਤਾ ਹੈ। ਸਾਫ਼ ਊਰਜਾ ਨਿਯਮਾਂ ‘ਚ ਵੀ ਤਬਦੀਲੀਆਂ ਕੀਤੀਆਂ ਜਾਣਗੀਆਂ, ਤਾਂ ਜੋ ਬਾਇਓਫਿਊਲ ਉਦਯੋਗ ਨੂੰ ਮਦਦ ਮਿਲ ਸਕੇ। ਇਸ ਦੇ ਨਾਲ ਚੀਨ ਵੱਲੋਂ ਕੈਨੇਡੀਅਨ ਕੈਨੋਲਾ ‘ਤੇ ਲਾਏ 75.8 ਫੀਸਦੀ ਟੈਰਿਫ਼ ਦੇ ਹੱਲ ਵਜੋਂ ਕੈਨੋਲਾ ਉਤਪਾਦਕਾਂ ਨੂੰ ਵੀ ਰਾਹਤ ਦਿੱਤੀ ਜਾਵੇਗੀ।
ਕਾਰਨੀ ਨੇ ਕਿਹਾ ਕਿ ਇਹ ਕਦਮ ਖ਼ਾਸ ਤੌਰ ‘ਤੇ ਉਨ੍ਹਾਂ ਮਜ਼ਦੂਰਾਂ ਅਤੇ ਵਪਾਰਾਂ ਦੀ ਮਦਦ ਕਰਨ ਲਈ ਚੁੱਕੇ ਗਏ ਹਨ, ਜੋ ਡੌਨਲਡ ਟਰੰਪ ਵੱਲੋਂ ਲਾਏ ਗਏ ਟੈਰਿਫ਼ਾਂ ਅਤੇ ਵਪਾਰਕ ਰੁਕਾਵਟਾਂ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਟਰੰਪ ਦੇ ਟੈਕਸਾਂ ਤੋਂ ਸੰਭਲਣ ਲਈ ਕੈਨੇਡਾ ਵੱਲੋਂ ਨਵੀਆਂ ਯੋਜਨਾਵਾਂ ਦਾ ਐਲਾਨ
