ਵਾਸ਼ਿੰਗਟਨ ਡੀ.ਸੀ., 28 ਜੁਲਾਈ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਨੀਤੀਆਂ ਕਾਰਨ ਅਮਰੀਕਾ ਵਿਚ ਭਾਰਤੀਆਂ ਦੇ ਦਾਖਲੇ ਵਿਚ ਵੱਡੀ ਬ੍ਰੇਕ ਲੱਗਣ ਦੀ ਸੰਭਾਵਨਾ ਹੈ। ਇਮੀਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਇੱਕ ਰਿਪੋਰਟ ਅਨੁਸਾਰ ਨਵੰਬਰ 2028 ਤੱਕ ਟਰੰਪ ਦੇ ਸ਼ਾਸਨਕਾਲ ਦੌਰਾਨ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿਚ 50 ਪ੍ਰਤੀਸ਼ਤ ਦੀ ਕਮੀ ਆਉਣ ਦੀ ਸੰਭਾਵਨਾ ਹੈ। ਵਰਤਮਾਨ ਵਿਚ ਭਾਰਤ ਤੋਂ ਹਰ ਸਾਲ ਲਗਭਗ 7.5 ਲੱਖ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋ ਰਹੇ ਹਨ। ਇਨ੍ਹਾਂ ਵਿਚੋਂ ਲਗਭਗ 3.31 ਲੱਖ ਨੂੰ ਵਿਦਿਆਰਥੀ ਵੀਜ਼ਾ, 2 ਲੱਖ ਨੂੰ ਵਰਕ ਵੀਜ਼ਾ, 50 ਹਜ਼ਾਰ ਨੂੰ ਨਾਗਰਿਕਤਾ ਅਤੇ 1.71 ਲੱਖ ਨੂੰ ਗ੍ਰੀਨ ਕਾਰਡ ਮਿਲਦਾ ਹੈ। ਇੰਸਟੀਚਿਊਟ ਦੀ ਪ੍ਰੋਫੈਸਰ ਮੈਡੇਲੀਨ ਗ੍ਰੀਨ ਦਾ ਕਹਿਣਾ ਹੈ ਕਿ ਇਹ ਖਦਸ਼ਾ ਟਰੰਪ ਦੇ ਹੁਣ ਤੱਕ ਦੇ ਵੀਜ਼ਾ ਡੇਟਾ ਰਿਲੀਜ਼ ਦੇ ਆਧਾਰ ‘ਤੇ ਇਮੀਗ੍ਰੇਸ਼ਨ ਮਾਡਲ ਤੋਂ ਸਾਹਮਣੇ ਆਇਆ ਹੈ।
ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਗਿਰਾਵਟ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। 2024 ਦੇ ਮੁਕਾਬਲੇ ਹੁਣ ਤੱਕ ਸਿਰਫ਼ 1.5 ਲੱਖ ਵਿਦਿਆਰਥੀ ਹੀ ਅਮਰੀਕਾ ਵਿਚ ਦਾਖਲਾ ਲੈ ਸਕੇ ਹਨ। ਇਸਦਾ ਵੱਡਾ ਕਾਰਨ ਟਰੰਪ ਵੱਲੋਂ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ, ਸਖ਼ਤ ਵੀਜ਼ਾ ਨਿਯਮ ਅਤੇ ਲੰਬੇ ਸਮੇਂ ਤੋਂ ਵਿਦਿਆਰਥੀ ਵੀਜ਼ਾ ਇੰਟਰਵਿਊ ‘ਤੇ ਪਾਬੰਦੀ ਸ਼ਾਮਲ ਹੈ।
ਵਰਕ ਵੀਜ਼ਿਆਂ ਵਿਚ ਵੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਪਿਛਲੇ ਸਾਲ ਵਰਕ ਵੀਜ਼ਾ ਸ਼੍ਰੇਣੀ ਵਿਚ ਕੁੱਲ 2 ਲੱਖ ਵਿਚੋਂ ਭਾਰਤੀਆਂ ਨੂੰ 72 ਹਜ਼ਾਰ ਐੱਚ-1ਬੀ ਵੀਜ਼ੇ ਮਿਲੇ ਸਨ, ਜਦੋਂਕਿ ਸਤੰਬਰ 2025 ਤੋਂ ਨਵੀਂ ਐੱਚ-1ਬੀ ਵੀਜ਼ਾ ਵਿੰਡੋ ਵਿਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਅਮਰੀਕਾ ਵਿਚ ਹੁਣ ਤੱਕ ਐੱਚ-1ਬੀ ਵੀਜ਼ਿਆਂ ਵਿਚ ਭਾਰਤੀਆਂ ਦਾ ਹਿੱਸਾ ਸਭ ਤੋਂ ਵੱਧ ਹੈ।
ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੇ ਸੀਨੀਅਰ ਫੈਲੋ ਐਰੋਨ ਮੇਲਨਿਕ ਦਾ ਕਹਿਣਾ ਹੈ ਕਿ ਟਰੰਪ ਦੀ ‘ਅਮਰੀਕਾ ਫਸਟ’ ਨੀਤੀ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਹੈ। ਟਰੰਪ ਅਮਰੀਕਾ ਵਿਚ ਉਦਯੋਗ ਸਥਾਪਤ ਕਰਨ ਦੇ ਨਾਮ ‘ਤੇ ਇਮੀਗ੍ਰੇਸ਼ਨ ਵੀਜ਼ਾ ਕੋਟੇ ਦੀ ਵਰਤੋਂ ਕਰਨਗੇ।
ਟਰੰਪ ਦੀ ਸਖ਼ਤੀ ਕਾਰਨ ਭਾਰਤੀ ਪ੍ਰਵਾਸੀਆਂ ਦੀ ਗਿਣਤੀ ‘ਚ 50 ਪ੍ਰਤੀਸ਼ਤ ਕਮੀ ਆਉਣ ਦੀ ਸੰਭਾਵਨਾ!
