– ਬਾਇਡਨ ਸਰਕਾਰ ਦੇ ਮੁਕਾਬਲੇ ਟਰੰਪ ਸਰਕਾਰ ਨੇ 11 ਫ਼ੀਸਦੀ ਘੱਟ ਵੀਜ਼ੇ ਕੀਤੇ ਜਾਰੀ
ਵਾਸ਼ਿੰਗਟਨ, 25 ਮਾਰਚ (ਪੰਜਾਬ ਮੇਲ)- ਟਰੰਪ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜ-ਫੜ ਡਿਪੋਰਟ ਕਰ ਰਹੀ ਹੈ। ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਧੜਾਧੜ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਪਿਛਲੇ ਸਾਲ ਭਾਰਤੀਆਂ ਨੂੰ ਮਿਲਦੇ ਵੀਜ਼ਿਆਂ ਵਿਚ ਡੇਢ ਲੱਖ ਦੀ ਕਟੌਤੀ ਕਰ ਦਿੱਤੀ ਗਈ, ਜਦਕਿ ਗਰੀਨ ਕਾਰਡ ਅਰਜ਼ੀਆਂ ਪ੍ਰਵਾਨ ਹੋਣ ਦੇ ਮਾਮਲੇ ਵਿਚ ਵੀ ਭਾਰਤੀ ਖੁੱਡੇ ਲਾਈਨ ਲੱਗ ਚੁੱਕੇ ਹਨ। ਜਨਵਰੀ 2025 ਤੋਂ ਅਗਸਤ 2025 ਦਰਮਿਆਨ ਅਮਰੀਕਾ ਦੇ ਵਿਦੇਸ਼ੀ ਵਿਭਾਗ ਨੇ ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆ ਵੱਡੇ ਪੱਧਰ ‘ਤੇ ਰੱਦ ਕੀਤੀਆਂ। ਰਿਪੋਰਟ ਮੁਤਾਬਕ ਭਾਰਤ ਅਤੇ ਚੀਨ ਦੇ ਲੋਕਾਂ ਨੂੰ ਮਿਲਦੇ ਵੀਜ਼ਿਆਂ ‘ਚ ਸਾਂਝੇ ਤੌਰ ‘ਤੇ ਢਾਈ ਲੱਖ ਦੀ ਕਟੌਤੀ ਹੋਈ ਅਤੇ ਪੂਰੇ ਸਾਲ ਦਾ ਅੰਕੜਾ ਕਿਤੇ ਜ਼ਿਆਦਾ ਹੋ ਸਕਦਾ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ, ਤਾਂ ਟਰੰਪ ਸਰਕਾਰ ਵੱਲੋਂ ਬਾਇਡਨ ਸਰਕਾਰ ਦੇ ਮੁਕਾਬਲੇ 11 ਫ਼ੀਸਦੀ ਘੱਟ ਵੀਜ਼ੇ ਜਾਰੀ ਕੀਤੇ ਗਏ, ਜਿਨ੍ਹਾਂ ਵਿਚ ਟੂਰਿਸਟ ਅਤੇ ਬਿਜ਼ਨਸ ਵੀਜ਼ਾ ਸ਼ਾਮਲ ਹਨ।
ਸਟੱਡੀ ਵੀਜ਼ਿਆਂ ਦੀ ਗੱਲ ਕੀਤੀ ਜਾਵੇ, ਤਾਂ ਜਨਵਰੀ 2024 ਤੋਂ ਅਗਸਤ 2024 ਦਰਮਿਆਨ 3 ਲੱਖ 45 ਹਜ਼ਾਰ ਕੌਮਾਂਤਰੀ ਵਿਦਿਆਰਥੀਆ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਗਈ ਪਰ ਟਰੰਪ ਦੇ ਸੱਤਾ ‘ਚ ਆਉਣ ਮਗਰੋਂ ਇਹ ਅੰਕੜਾ 2 ਲੱਖ 38 ਹਜ਼ਾਰ ਰਹਿ ਗਿਆ। ਮੰਗਣੀ ਕਰਵਾ ਕੇ ਅਮਰੀਕਾ ਆਉਣ ਵਾਲਿਆਂ ਦੇ ਵੀਜ਼ੇ ਅੱਧੇ ਰਹਿ ਗਏ ਕਿਉਂਕਿ ਬਾਇਡਨ ਸਰਕਾਰ ਨੇ 2024 ਦੇ ਪਹਿਲੇ ਅੱਠ ਮਹੀਨੇ ਦੌਰਾਨ 37 ਹਜ਼ਾਰ ਵੀਜ਼ੇ ਜਾਰੀ ਕੀਤੇ ਪਰ ਟਰੰਪ ਸਰਕਾਰ ਨੇ ਅੰਕੜਾ 19 ਹਜ਼ਾਰ ਤੋਂ ਵੀ ਹੇਠਾਂ ਲਿਆ ਦਿੱਤਾ ਹੈ। ਫ਼ੈਮਿਲੀ ਪਰੈਫ਼ਰੈਂਸ ਵੀਜ਼ਾ ਦਾ ਜ਼ਿਕਰ ਕੀਤਾ ਜਾਵੇ, ਤਾਂ ਯੂ.ਐੱਸ. ਸਿਟੀਜ਼ਨਜ਼ ਦੇ ਬਾਲਗ ਬੱਚਿਆਂ ਜਾਂ ਭੈਣ-ਭਰਾਵਾਂ ਨੂੰ ਮਿਲਦੇ ਵੀਜ਼ਿਆਂ ਵਿਚ 27 ਫ਼ੀਸਦੀ ਕਮੀ ਆਈ ਹੈ। ਵ੍ਹਾਈਟ ਹਾਊਸ ਦੀ ਸਪੋਕਸਪਰਸਨ ਐਬੀਗੇਲ ਜੈਕਸਨ ਤੋਂ ਜਦੋਂ ਇਨ੍ਹਾਂ ਅੰਕੜਿਆਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕਾ ਵਾਸੀਆਂ ਨੇ ਆਪਣੇ ਹੱਕਾਂ ਦੀ ਰਾਖੀ ਵਾਸਤੇ ਚੁਣਿਆ ਹੈ। ਅਮਰੀਕਾ ਦਾ ਵੀਜ਼ਾ ਕਿਸੇ ਦਾ ਹੱਕ ਨਹੀਂ ਅਤੇ ਟਰੰਪ ਸਰਕਾਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੀਜ਼ੇ ਜਾਰੀ ਕਰ ਰਹੀ ਹੈ। ਇਥੇ ਦੱਸਣਾ ਬਣਦਾ ਹੈ ਕਿ ਦੁਨੀਆਂ ਦੇ 50 ਮੁਲਕਾਂ ਉੱਤੇ 15 ਹਜ਼ਾਰ ਡਾਲਰ ਬੌਂਡ ਵਾਲਾ ਨਿਯਮ ਲਾਗੂ ਹੋ ਗਿਆ ਹੈ ਅਤੇ ਇਨ੍ਹਾਂ ਮੁਲਕਾਂ ਤੋਂ ਵਿਜ਼ਟਰ ਵੀਜ਼ਾ ਜਾਂ ਬਿਜ਼ਨਸ ਵੀਜ਼ਾ ਦੀਆਂ ਅਰਜ਼ੀਆਂ ਪਹਿਲਾਂ ਹੀ ਸੀਮਤ ਹੋ ਚੁੱਕੀਆਂ ਹਨ।
ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲਿਆਂ ਦਾ ਕਹਿਣਾ ਹੈ ਕਿ ਵਿਜ਼ਟਰ ਵੀਜ਼ਾ ਜਾਂ ਬਿਜ਼ਨਸ ਵੀਜ਼ਾ ‘ਤੇ ਆਉਣ ਵਾਲੇ ਕੁਝ ਆਪਣੇ ਮੁਲਕ ਵਾਪਸੀ ਨਹੀਂ ਕਰਦੇ ਅਤੇ ਅਮਰੀਕਾ ਦੀਆਂ ਸਮਾਜਿਕ ਸੇਵਾਵਾਂ ਉਤੇ ਬੋਝ ਬਣ ਜਾਂਦੇ ਹਨ। ਅਜਿਹੇ ਲੋਕਾਂ ਨੂੰ ਫੜ ਕੇ ਡਿਪੋਰਟ ਕਰਨ ਦਾ ਔਸਤ ਖਰਚਾ 18 ਹਜ਼ਾਰ ਡਾਲਰ ਤੋਂ ਵੱਧ ਬਣਦਾ ਹੈ, ਜਿਸ ਦੇ ਮੱਦੇਨਜ਼ਰ 15 ਹਜ਼ਾਰ ਡਾਲਰ ਦਾ ਬੌਂਡ ਭਰਵਾਇਆ ਜਾ ਰਿਹਾ ਹੈ। ਵਿਦੇਸ਼ ਵਿਭਾਗ ਨੇ ਦੱਸਿਆ ਕਿ ਬੌਂਡ ਭਰਨ ਤੋਂ ਬਾਅਦ ਵਿਜ਼ਟਰ ਵੀਜ਼ਾ ਜਾਂ ਬਿਜ਼ਨਸ ਵੀਜ਼ਾ ‘ਤੇ ਅਮਰੀਕਾ ਪੁੱਜੇ 97 ਫ਼ੀਸਦੀ ਨਾਗਰਿਕ ਤੈਅ ਸਮੇਂ ਦੇ ਅੰਦਰ ਵਾਪਸ ਚਲੇ ਗਏ ਪਰ ਇਸ ਦੇ ਉਲਟ ਇਨ੍ਹਾਂ ਮੁਲਕਾਂ ਦੇ ਹੀ 45 ਹਜ਼ਾਰ ਨਾਗਰਿਕਾਂ ਨੇ ਬਾਇਡਨ ਸਰਕਾਰ ਵੇਲੇ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵੀ ਆਪਣੇ ਮੁਲਕ ਵਾਪਸੀ ਨਾ ਕੀਤੀ।
ਟਰੰਪ ਦੀ ਸਖ਼ਤ ਵੀਜ਼ਾ ਨੀਤੀ: ਭਾਰਤ ਤੇ ਚੀਨ ਦੇ ਵੀਜ਼ਿਆਂ ‘ਚ 2.5 ਲੱਖ ਦੀ ਕਟੌਤੀ

