ਵਾਸ਼ਿੰਗਟਨ/ਕੀਵ, 27 ਫਰਵਰੀ (ਪੰਜਾਬ ਮੇਲ)-ਯੂਕਰੇਨ ਅਮਰੀਕਾ ਨੂੰ ਰੇਅਰ ਮਟੀਰੀਅਲ (ਦੁਰਲੱਭ ਖਣਿਜ) ਦੇਣ ਲਈ ਰਾਜ਼ੀ ਹੋ ਗਿਆ ਹੈ। ਯੂਕਰੇਨ ਤੇ ਅਮਰੀਕਾ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਜ਼ੇਲੈਂਸਕੀ ਇਸ ਸਮਝੌਤੇ ‘ਤੇ ਦਸਤਖਤ ਕਰਨ ਲਈ ਸ਼ੁੱਕਰਵਾਰ ਨੂੰ ਅਮਰੀਕਾ ਦਾ ਦੌਰਾ ਕਰ ਸਕਦੇ ਹਨ। ਟਰੰਪ ਲੱਗਭਗ ਇਕ ਮਹੀਨੇ ਤੋਂ ਯੂਕਰੇਨ ਸਰਕਾਰ ‘ਤੇ ਅਮਰੀਕਾ ਨੂੰ ਦੁਰਲੱਭ ਖਣਿਜ ਦੇਣ ਨੂੰ ਲੈ ਕੇ ਦਬਾਅ ਬਣਾ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਯੂਕਰੇਨ ਨੂੰ ਅਮਰੀਕੀ ਮਦਦ ਚਾਹੀਦੀ ਹੈ, ਤਾਂ ਉਸ ਨੂੰ ਅਮਰੀਕਾ ਨੂੰ 500 ਬਿਲੀਅਨ ਡਾਲਰ ਦੇ ਦੁਰਲੱਭ ਖਣਿਜ ਦੇਣੇ ਪੈਣਗੇ। ਉਨ੍ਹਾਂ ਨੇ ਜ਼ੇਲੈਂਸਕੀ ਨੂੰ ਧਮਕੀ ਦਿੱਤੀ ਸੀ ਕਿ ਜੇ ਅਜਿਹਾ ਨਹੀਂ ਕੀਤਾ, ਤਾਂ ਅਮਰੀਕਾ ਯੂਕਰੇਨ ਨੂੰ ਹੋਰ ਮਦਦ ਦੇਣੀ ਬੰਦ ਕਰ ਦੇਵੇਗਾ।
ਮੀਡੀਆ ਰਿਪੋਰਟਾਂ ਅਨੁਸਾਰ ਯੂਕਰੇਨ ਨਾਲ ਨਵੇਂ ਖਣਿਜ ਸਮਝੌਤੇ ‘ਚ ਅਮਰੀਕਾ ਨੇ 500 ਬਿਲੀਅਨ ਡਾਲਰ ਦੇ ਖਣਿਜਾਂ ਦੀ ਆਪਣੀ ਮੰਗ ਛੱਡ ਦਿੱਤੀ ਹੈ। ਹਾਲਾਂਕਿ ਉਸ ਨੇ ਯੂਕਰੇਨ ਨੂੰ ਸੁਰੱਖਿਆ ਗਾਰੰਟੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਅਮਰੀਕੀ ਅਧਿਕਾਰੀ ਇਸ ਦਾ ਵਿਰੋਧ ਕਰ ਰਹੇ ਸਨ। ਯੂਕਰੇਨ ਇਸ ਸੌਦੇ ਦੇ ਬਦਲੇ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕਰ ਰਿਹਾ ਸੀ। ਰਿਪੋਰਟ ਅਨੁਸਾਰ ਅਮਰੀਕਾ ਦੁਰਲੱਭ ਖਣਿਜਾਂ ਦੇ ਬਦਲੇ ਯੂਕਰੇਨ ਦੇ ਪੁਨਰ ਵਿਕਾਸ ਵਿਚ ਮਦਦ ਕਰੇਗਾ।
ਟਰੰਪ ਦੀ ਧਮਕੀ ਤੋਂ ਡਰੀ ਯੂਕਰੇਨ ਸਰਕਾਰ, ਅਮਰੀਕਾ ਨੂੰ ਦੁਰਲੱਭ ਖਣਿਜ ਦੇਣ ਲਈ ਹੋਇਆ ਰਾਜ਼ੀ
