#OTHERS

ਟਰੰਪ ਦੀ ਟੈਰਿਫ ਵਧਾਉਣ ਦੀ ਧਮਕੀ ‘ਤੇ ਚੀਨੀ ਰਾਸ਼ਟਰਪਤੀ ਵੱਲੋਂ ਚਿਤਾਵਨੀ

ਕਿਹਾ: ਬੀਜਿੰਗ ਮਜ਼ਬੂਤੀ ਨਾਲ ਆਪਣੇ ਹਿੱਤਾਂ ਦੀ ਕਰੇਗਾ ਰੱਖਿਆ
ਬੀਜਿੰਗ, 11 ਦਸੰਬਰ (ਪੰਜਾਬ ਮੇਲ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਅਮਰੀਕਾ ਅਤੇ ਚੀਨ ਵਿਚਾਲੇ Tariff ਅਤੇ ਟੈਕਨਾਲੋਜੀ ਦੀ ਲੜਾਈ ਵਿਚ ਕੋਈ ਨਹੀਂ ਜਿੱਤੇਗਾ ਅਤੇ ਬੀਜਿੰਗ ਮਜ਼ਬੂਤੀ ਨਾਲ ਆਪਣੇ ਹਿੱਤਾਂ ਦੀ ਰੱਖਿਆ ਕਰੇਗਾ। ਉਨ੍ਹਾਂ ਦਾ ਇਹ ਬਿਆਨ ਡੋਨਾਲਡ ਟਰੰਪ ਦੇ ਜਨਵਰੀ 2025 ‘ਚ ਇਕ ਵਾਰ ਫਿਰ ਅਮਰੀਕਾ ਦੀ ਰਾਸ਼ਟਰਪਤੀ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਆਇਆ ਹੈ।
ਸ਼ੀ ਨੇ ਬੀਜਿੰਗ ਵਿਚ World Bank, ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਸਮੇਤ 10 ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਨਾਲ ਇੱਕ ਬੈਠਕ ਵਿਚ ਕਿਹਾ, ”ਟੈਰਿਫ, ਵਪਾਰ ਅਤੇ ਤਕਨਾਲੋਜੀ ਦੀ ਲੜਾਈ ਆਰਥਿਕ ਕਾਨੂੰਨਾਂ ਦੇ ਉਲਟ ਹੈ ਅਤੇ ਇਨ੍ਹਾਂ ਵਿਚੋ ਕੋਈ ਵੀ ਜੇਤੂ ਨਹੀਂ ਹੋਵੇਗਾ।” ਚੀਨੀ ਰਾਸ਼ਟਰਪਤੀ ਨੇ ਬੈਠਕ ਦੌਰਾਨ ਅਮਰੀਕਾ ਨਾਲ ਸਬੰਧਾਂ ਲਈ ਚੀਨ ਦੇ ਸਿਧਾਂਤਾਂ ‘ਤੇ ਜ਼ੋਰ ਦਿੱਤਾ। ਸਰਕਾਰੀ ਮੀਡੀਆ ਦੁਆਰਾ ਇੱਥੇ ਜਾਰੀ ਕੀਤੀ ਗਈ ਖ਼ਬਰ ਅਨੁਸਾਰ, ਉਸਨੇ ਕਿਹਾ, ”ਚੀਨ ਹਮੇਸ਼ਾ ਆਪਣੇ ਮਾਮਲਿਆਂ ‘ਤੇ ਧਿਆਨ ਦੇਵੇਗਾ ਅਤੇ ਆਪਣੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਹਿੱਤਾਂ ਦੀ ਦ੍ਰਿੜ੍ਹਤਾ ਨਾਲ ਰਾਖੀ ਕਰੇਗਾ।” ਚੀਨ ਆਜ਼ਾਦ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ‘ਤੇ ਕਾਇਮ ਰਹੇਗਾ।
ਸ਼ੀ ਨੇ ਇਹ ਟਿੱਪਣੀ ਉਸ ਸਮੇਂ ਕੀਤੀ, ਜਦੋਂ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਨੈਸ਼ਨਲ ਬ੍ਰਾਡਕਾਸਟਿੰਗ ਕੰਪਨੀ’ (ਐੱਨ.ਬੀ.ਸੀ.) ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਸੀ ਕਿ ਉਸ ਦੇ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਸਬੰਧ ‘ਬਹੁਤ ਵਧੀਆ’ ਹਨ ਅਤੇ ਦੋਵਾਂ ਦੀ ”ਇਸ ਹਫ਼ਤੇ ਹੀ ਗੱਲਬਾਤ ਹੋਈ ਸੀ।” ਹਾਲਾਂਕਿ ਚੀਨ ਨੇ ਸ਼ੀ ਅਤੇ ਟਰੰਪ ਵਿਚਕਾਰ ਗੱਲਬਾਤ ਦੀ ਪੁਸ਼ਟੀ ਨਹੀਂ ਕੀਤੀ। ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਅਮਰੀਕਾ ਨੂੰ ਚੀਨੀ ਨਿਰਯਾਤ ‘ਤੇ 60 ਪ੍ਰਤੀਸ਼ਤ Tariff ਲਗਾਉਣ ਦੀ ਧਮਕੀ ਦਿੱਤੀ ਸੀ ਅਤੇ ਨਾਲ ਹੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਬੀਜਿੰਗ ਫੈਂਟਾਨਿਲ ਨੂੰ ਰੋਕਣ ਵਿੱਚ ਅਸਫਲ ਰਿਹਾ ਤਾਂ 10 ਪ੍ਰਤੀਸ਼ਤ ਵੱਧ ਟੈਰਿਫ ਲਗਾਏ ਜਾਣਗੇ। ਸ਼ੀ ਨੇ ਕਿਹਾ ਕਿ ਸਾਰੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਹਨ। ਸਾਰੇ ਦੇਸ਼ਾਂ ਨੂੰ ਇੱਕ ਖੁੱਲ੍ਹੀ ਵਿਸ਼ਵ ਆਰਥਿਕਤਾ ਬਣਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ, ਡਿਜੀਟਲ ਅਰਥਵਿਵਸਥਾ, ਨਕਲੀ ਬੁੱਧੀ ਅਤੇ ਘੱਟ-ਕਾਰਬਨ ਤਕਨਾਲੋਜੀ ਵਰਗੇ ਮਹੱਤਵਪੂਰਨ ਮੌਕਿਆਂ ਦਾ ਫਾਇਦਾ ਉਠਾਉਣ ਅਤੇ ਆਰਥਿਕ ਵਿਕਾਸ ਦੇ ਨਵੇਂ ਸਰੋਤ ਲੱਭਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।