#AMERICA

ਟਰੰਪ ਤੇ ਹੋਰ ਅਮਰੀਕੀ ਆਗੂਆਂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਾ ਪਾਕਿਸਤਾਨੀ ਨਾਗਰਿਕ ਦੋਸ਼ੀ ਕਰਾਰ

ਵਾਸ਼ਿੰਗਟਨ, 9 ਮਾਰਚ (ਪੰਜਾਬ ਮੇਲ)- ਅਮਰੀਕੀ ਅਦਾਲਤ ਨੇ ਇੱਕ ਪਾਕਿਸਤਾਨੀ ਨਾਗਰਿਕ ਆਸਿਫ਼ ਰਜ਼ਾ ਮਰਚੈਂਟ (48) ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਉੱਚ-ਪੱਧਰੀ ਅਮਰੀਕੀ ਆਗੂਆਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਦਾ ਸਿੱਧਾ ਸਬੰਧ ਇਰਾਨ ਨਾਲ ਸੀ। ਉਸ ਨੂੰ ਜੁਲਾਈ 2024 ‘ਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਅਮਰੀਕਾ ਤੋਂ ਜਹਾਜ਼ ਰਾਹੀਂ ਫਰਾਰ ਹੋਣ ਦੀ ਫਿਰਾਕ ‘ਚ ਸੀ। ਜਾਣਕਾਰੀ ਅਨੁਸਾਰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਉਸ ਦਾ ਮੁੱਖ ਮਕਸਦ 2020 ਵਿਚ ਅਮਰੀਕੀ ਡਰੋਨ ਹਮਲੇ ਵਿਚ ਮਾਰੇ ਗਏ ਇਰਾਨੀ ਕੁਦਸ ਫੋਰਸ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣਾ ਸੀ। ਦੋਸ਼ੀ ਨਾ ਸਿਰਫ਼ ਰਾਸ਼ਟਰਪਤੀ ਟਰੰਪ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ, ਸਗੋਂ ਉਸ ਨੇ ਕਈ ਹੋਰ ਪ੍ਰਮੁੱਖ ਅਮਰੀਕੀ ਸਿਆਸਤਦਾਨਾਂ ਨੂੰ ਵੀ ਆਪਣੀ ਹਿੱਟ ਲਿਸਟ ਵਿਚ ਰੱਖਿਆ ਸੀ।
ਇਸ ਕੇਸ ਨੇ ਇਰਾਨ ਅਤੇ ਅਮਰੀਕਾ ਵਿਚਾਲੇ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਅਮਰੀਕੀ ਖੁਫੀਆ ਏਜੰਸੀਆਂ ਨੇ ਇਸ ਨੂੰ ਇਰਾਨੀ ਸੱਤਾ ਵੱਲੋਂ ਕਰਵਾਏ ਜਾਣ ਵਾਲੇ ਇੱਕ ‘ਟਾਰਗੇਟਿਡ ਅਸੈਸਿਨੇਸ਼ਨ’ ਪਲਾਟ ਵਜੋਂ ਦੇਖਿਆ ਹੈ। ਇਸ ਘਟਨਾ ਨੇ ਅਮਰੀਕੀ ਰਾਸ਼ਟਰਪਤੀ ਅਤੇ ਉੱਚ-ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਅਦਾਲਤ ਵਿਚ ਪੇਸ਼ ਕੀਤੇ ਗਏ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਅਮਰੀਕਾ ਵਿਚ ਦਾਖਲ ਹੋਣ ਅਤੇ ਆਪਣੇ ਮਿਸ਼ਨ ਨੂੰ ਅੰਜਾਮ ਦੇਣ ਲਈ ਕਈ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਕੀਤੀਆਂ ਸਨ।
ਇਹ ਫੈਸਲਾ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਪੱਛਮੀ ਏਸ਼ੀਆ ਵਿਚ ਇਰਾਨ ਅਤੇ ਅਮਰੀਕਾ ਵਿਚਾਲੇ ਫੌਜੀ ਸੰਘਰਸ਼ ਆਪਣੇ ਸਿਖਰ ‘ਤੇ ਹੈ। ਟਰੰਪ ਪ੍ਰਸ਼ਾਸਨ ਨੇ ਇਸ ਨੂੰ ਸਿੱਧੇ ਤੌਰ ‘ਤੇ ਰਾਸ਼ਟਰੀ ਸੁਰੱਖਿਆ ‘ਤੇ ਹਮਲਾ ਕਰਾਰ ਦਿੱਤਾ ਹੈ ਅਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਗੱਲ ਕਹੀ ਹੈ