#AMERICA

ਟਰੰਪ ਤੇ ਪੁਤਿਨ ਵਿਚਕਾਰ ਯੂਕਰੇਨ ਜੰਗ ਖਤਮ ਕਰਨ ਸਮੇਤ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ!

ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਯੂਕ੍ਰੇਨ ਵਿਚ ਜੰਗ ਖ਼ਤਮ ਕਰਨ ਸਮੇਤ ਕਈ ਹੋਰ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ। ਇਹ ਜਾਣਕਾਰੀ ਐਤਵਾਰ ਨੂੰ ਇਕ ਮੀਡੀਆ ਰਿਪੋਰਟ ਤੋਂ ਮਿਲੀ। ਹਾਲੀਆ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਟਰੰਪ ਨੇ ਦੁਨੀਆਂ ਦੇ 70 ਤੋਂ ਵੱਧ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ। ਇਨ੍ਹਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸ਼ਾਮਲ ਹਨ।
ਵਾਸ਼ਿੰਗਟਨ ਪੋਸਟ ਦੀ ਇਕ ਵਿਸ਼ੇਸ਼ ਰਿਪੋਰਟ ‘ਚ ਕਿਹਾ ਗਿਆ ਹੈ, ”ਦੋਵਾਂ ਨੇਤਾਵਾਂ ਨੇ ਮਹਾਂਦੀਪੀ ਯੂਰਪ ਵਿਚ ਸ਼ਾਂਤੀ ਦੇ ਟੀਚੇ ‘ਤੇ ਚਰਚਾ ਕੀਤੀ ਅਤੇ ਟਰੰਪ ਨੇ ਯੂਕਰੇਨ ਯੁੱਧ ਦੇ ਛੇਤੀ ਹੱਲ ਬਾਰੇ ਚਰਚਾ ਕਰਨ ਲਈ ਆਉਣ ਵਾਲੀ ਗੱਲਬਾਤ ਵਿਚ ਸ਼ਾਮਲ ਹੋਣ ਵਿਚ ਆਪਣੀ ਦਿਲਚਸਪੀ ਜ਼ਾਹਰ ਕੀਤੀ।” ਅਖ਼ਬਾਰ ਨੇ ਦੱਸਿਆ ਕਿ ”ਪੁਤਿਨ ਨਾਲ ਟਰੰਪ ਦੀ ਫ਼ੋਨ ‘ਤੇ ਹੋਈ ਗੱਲਬਾਤ ਤੋਂ ਜਾਣੂ ਇਕ ਸਾਬਕਾ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਟਰੰਪ ਸੰਭਵ ਤੌਰ ‘ਤੇ ਰੂਸ ਦੇ ਹਮਲੇ ਕਾਰਨ ਯੂਕਰੇਨ ਵਿਚ ਮੁੜ ਕਿਸੇ ਨਵੇਂ ਸੰਕਟ ਨਾਲ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ) ਵਿਚ ਨਹੀਂ ਜਾਣਾ ਚਾਹੁੰਦੇ।” ਟਰੰਪ 20 ਜਨਵਰੀ, 2025 ਨੂੰ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਹਨ।
ਯੂਕਰੇਨ ਨੂੰ ਟਰੰਪ-ਪੁਤਿਨ ਦੀ ਫੋਨ ਗੱਲਬਾਤ ਦੀ ਜਾਣਕਾਰੀ ਦਿੱਤੀ ਗਈ ਹੈ। ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ, ”ਟਰੰਪ ਨੇ ਪੁਤਿਨ ਨਾਲ ਇਹ ਗੱਲਬਾਤ ਫਲੋਰੀਡਾ ਸਥਿਤ ਆਪਣੇ ਰਿਜ਼ੋਰਟ ਤੋਂ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਤੋਂ ਜਾਣੂ ਇਕ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਗੱਲਬਾਤ ਦੌਰਾਨ ਟਰੰਪ ਨੇ ਰੂਸੀ ਰਾਸ਼ਟਰਪਤੀ ਨੂੰ ਯੂਕਰੇਨ ‘ਚ ਜੰਗ ਨਾ ਵਧਾਉਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਯੂਰਪ ‘ਚ ਵਾਸ਼ਿੰਗਟਨ ਦੀ ਵੱਡੀ ਫੌਜੀ ਮੌਜੂਦਗੀ ਦੀ ਯਾਦ ਦਿਵਾਈ। ਇਸ ਵਿਚਕਾਰ ਟਰੰਪ ਦੇ ਸੰਚਾਰ ਨਿਰਦੇਸ਼ਕ ਸਟੀਵਨ ਚੇਂਗ ਨੇ ਦੱਸਿਆ ਕਿ ਉਹ ਰਾਸ਼ਟਰਪਤੀ ਚੁਣੇ ਗਏ ਟਰੰਪ ਅਤੇ ਹੋਰ ਵਿਸ਼ਵ ਨੇਤਾਵਾਂ ਵਿਚਕਾਰ ਨਿੱਜੀ ਗੱਲਬਾਤ ‘ਤੇ ਟਿੱਪਣੀ ਨਹੀਂ ਕਰਨਗੇ। ਚੇਅੰਗ ਨੇ ਕਿਹਾ, ”ਰਾਸ਼ਟਰਪਤੀ ਚੁਣੇ ਗਏ ਟਰੰਪ ਨੇ ਇਤਿਹਾਸਕ ਚੋਣ ਵਿਚ ਨਿਰਣਾਇਕ ਜਿੱਤ ਪ੍ਰਾਪਤ ਕੀਤੀ ਹੈ, ਅਤੇ ਦੁਨੀਆਂ ਭਰ ਦੇ ਨੇਤਾ ਜਾਣਦੇ ਹਨ ਕਿ ਅਮਰੀਕਾ ਵਿਸ਼ਵ ਪੱਧਰ ‘ਤੇ ਹਾਵੀ ਹੋਵੇਗਾ। ਇਹੀ ਕਾਰਨ ਹੈ ਕਿ ਨੇਤਾਵਾਂ ਨੇ 45ਵੇਂ ਅਤੇ 47ਵੇਂ ਰਾਸ਼ਟਰਪਤੀ ਨਾਲ ਮਜ਼ਬੂਤ ਸਬੰਧ ਵਿਕਸਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਉਹ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਦੀ ਪ੍ਰਤੀਨਿਧਤਾ ਕਰਦੇ ਹਨ।