ਯੂ.ਐੱਸ. ‘ਚ ਵਿਦੇਸ਼ੀਆਂ ਦੀ ਐਂਟਰੀ ‘ਤੇ ਮੁਕੰਮਲ ਬੈਨ ਦੀ ਦਿਸ਼ਾ ‘ਚ ਕਰ ਸਕਦੇ ਨੇ ਵੱਡਾ ਫੈਸਲਾ
ਵਾਸ਼ਿੰਗਟਨ, 1 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਤੋਂ ਸਖ਼ਤ ਇਮੀਗ੍ਰੇਸ਼ਨ ਕਾਨੂੰਨਾਂ ਦੀ ਤਿਆਰੀ ਵਿਚ ਹਨ। ਉਨ੍ਹਾਂ ਦੇ ਤਾਜ਼ਾ ਬਿਆਨਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਅਮਰੀਕਾ ਵਿਚ ਵਿਦੇਸ਼ੀਆਂ ਦੀ ਐਂਟਰੀ ਨੂੰ ਲਗਭਗ ਪੂਰੀ ਤਰ੍ਹਾਂ ਰੋਕਣ ਦੀ ਦਿਸ਼ਾ ਵਿਚ ਵੱਡਾ ਫੈਸਲਾ ਕਰ ਸਕਦੇ ਹਨ।
ਟਰੰਪ ਦਾ ਕਹਿਣਾ ਹੈ ਕਿ ਅਜਿਹੇ ਪ੍ਰਵਾਸੀਆਂ ਨੂੰ ਅਮਰੀਕਾ ਵਿਚ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ, ਜੋ ਅਵੈਧ ਤਰੀਕੇ ਨਾਲ ਦੇਸ਼ ਵਿਚ ਦਾਖਲ ਹੋਏ ਹੋਣ, ਅਪਰਾਧਾਂ ਵਿਚ ਸ਼ਾਮਲ ਹੋਣ ਜਾਂ ਅਮਰੀਕੀ ਸਮਾਜ ਅਤੇ ਸੁਰੱਖਿਆ ਲਈ ਖ਼ਤਰਾ ਬਣ ਰਹੇ ਹੋਣ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਸਾਈਟ ‘ਟਰੁੱਥ ਸੋਸ਼ਲ’ ‘ਤੇ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਸੈਕਸ਼ਨ 212 (ਐੱਫ) ਦਾ ਜ਼ਿਕਰ ਕੀਤਾ। ਇਹ ਕਾਨੂੰਨ ਰਾਸ਼ਟਰਪਤੀ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਜੇ ਉਹ ਦੇਸ਼ ਦੇ ਹਿੱਤ ਵਿਚ ਜ਼ਰੂਰੀ ਸਮਝਣ, ਤਾਂ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕ ਸਕਦੇ ਹਨ।
ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਵਿਚ ਇਸ ਸਮੇਂ ਵਿਦੇਸ਼ੀ ਆਬਾਦੀ ਇਤਿਹਾਸਕ ਤੌਰ ‘ਤੇ ਸਭ ਤੋਂ ਵੱਧ ਹੈ—ਲਗਭਗ ਹਰ 6 ਅਮਰੀਕੀਆਂ ਵਿਚੋਂ 1 ਪ੍ਰਵਾਸੀ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਇਸ ਸਥਿਤੀ ਨੂੰ ਰੋਕਣ ਲਈ ਬਹੁਤ ਸਖ਼ਤ ਕਦਮ ਚੁੱਕੇ ਜਾਣਗੇ।
ਇਹ ਸਖ਼ਤ ਰੁਖ 28 ਨਵੰਬਰ ਦੇ ਐਲਾਨ ਤੋਂ ਬਾਅਦ ਹੋਰ ਵਧ ਗਿਆ, ਜਦੋਂ ਵਾਸ਼ਿੰਗਟਨ ਡੀ.ਸੀ. ਵਿਚ ਵ੍ਹਾਈਟ ਹਾਊਸ ਨੇੜੇ ਇੱਕ ਅਫਗਾਨ ਨਾਗਰਿਕ ਨੇ ਨੈਸ਼ਨਲ ਗਾਰਡ ‘ਤੇ ਗੋਲੀਬਾਰੀ ਕੀਤੀ ਸੀ, ਜਿਸ ਵਿਚ ਇੱਕ ਮਹਿਲਾ ਸੁਰੱਖਿਆ ਕਰਮੀ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਕਈ ਵੱਡੇ ਫੈਸਲੇ ਲਏ, ਜਿਸ ਦੌਰਾਨ ਅਫਗਾਨਿਸਤਾਨ, ਵੈਨੇਜ਼ੁਏਲਾ, ਹੈਤੀ, ਸੋਮਾਲੀਆ ਅਤੇ ਕਈ ਅਫ਼ਰੀਕੀ-ਏਸ਼ੀਆਈ ਦੇਸ਼ਾਂ ਤੋਂ ਆਉਣ ਵਾਲੇ ਕਿਸੇ ਵੀ ਪ੍ਰਕਾਰ ਦੇ ਪ੍ਰਵਾਸ ‘ਤੇ ਰੋਕ ਲਗਾਈ ਗਈ। ਅਮਰੀਕਾ ਵਿਚ ਸ਼ਰਨ ਲਈ ਆਏ 22 ਅਰਜ਼ੀਆਂ ਦੀ ਮਨਜ਼ੂਰੀ ਰੋਕ ਦਿੱਤੀ ਗਈ। ਪ੍ਰਤੀਬੰਧਿਤ 19 ਦੇਸ਼ਾਂ ਦੇ 33 ਲੱਖ ਗ੍ਰੀਨ ਕਾਰਡ ਧਾਰਕਾਂ ਦੀ ਵਿਆਪਕ ਜਾਂਚ ਦਾ ਹੁਕਮ ਜਾਰੀ ਕੀਤੇ ਗਏ। ਸ਼ੱਕੀ ਪਾਏ ਜਾਣ ਵਾਲਿਆਂ ਨੂੰ ਡਿਪੋਰਟ ਕਰਨ ਦਾ ਆਦੇਸ਼ ਦਿੱਤਾ ਗਿਆ। ਮਾਹਿਰ ਮੰਨ ਰਹੇ ਹਨ ਕਿ ਟਰੰਪ ਸੈਕਸ਼ਨ 212 (ਐੱਫ) ਦੀ ਵਰਤੋਂ ਕਰਕੇ ਵਿਦੇਸ਼ੀਆਂ ਦੀ ਐਂਟਰੀ ‘ਤੇ ਵਿਆਪਕ ਜਾਂ ਪੂਰਨ ਪਾਬੰਦੀ ਲਗਾ ਸਕਦੇ ਹਨ, ਜੋ ਲੱਖਾਂ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰੇਗਾ।
ਟਰੰਪ ਇੱਕ ਵਾਰ ਫਿਰ ਤੋਂ ਸਖ਼ਤ ਇਮੀਗ੍ਰੇਸ਼ਨ ਕਾਨੂੰਨਾਂ ਦੀ ਤਿਆਰੀ ‘ਚ!

