ਟਰੇਸੀ, 10 ਮਈ (ਪੰਜਾਬ ਮੇਲ)- ਟਰੇਸੀ ਦੇ ਰਹਿਣ ਵਾਲੇ ਸਤਨਾਮ ਸੁਮਲ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਅਤੇ ਇਕ ਹੋਰ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਖੁਦ ਹੀ ਪੁਲਿਸ ਸਾਹਮਣੇ ਪੇਸ਼ ਹੋ ਗਿਆ। ਟਰੇਸੀ ਪੁਲਿਸ ਵਿਭਾਗ ਨੇ ਸ਼ੱਕੀ ਕਾਤਲ ਦੀ ਪਛਾਣ ਸਤਨਾਮ ਸਮੁਲ (55) ਵਜੋਂ ਕੀਤੀ ਹੈ ਅਤੇ ਮਰਨ ਵਾਲੀ 2 ਔਰਤਾਂ ਵਿਚ 39 ਸਾਲਾ ਟਰੇਸੀ ਨਿਵਾਸੀ ਸਤਬਿੰਦਰ ਸਿੰਘ ਅਤੇ 37 ਸਾਲਾ ਵਲੇਹੋ ਨਿਵਾਸੀ ਨਦਜੀਬਾ ਬੇਲਾਦੀ ਸ਼ਾਮਲ ਹਨ। ਅਧਿਕਾਰੀ ਜਦੋਂ ਉਨ੍ਹਾਂ ਦੇ ਘਰ ਪਹੁੰਚੇ, ਤਾਂ ਟਰੇਸੀ ਦੇ ਸਨਫਲਾਵਰ ਲੇਨ ਵਿਖੇ ਸਥਿਤ ਰਿਹਾਇਸ਼ ਵਿਚ ਇਨ੍ਹਾਂ ਔਰਤਾਂ ਨੂੰ ਮ੍ਰਿਤਕ ਪਾਇਆ ਗਿਆ। ਪੁਲਿਸ ਅਨੁਸਾਰ ਇਹ ਇਕ ਪੇਚੀਦਾ ਕੇਸ ਹੈ। ਇਸ ਬਾਰੇ ਤਫਤੀਸ਼ ਹਾਲੇ ਜਾਰੀ ਹੈ। ਗੁਆਂਢ ਵਿਚ ਰਹਿੰਦੇ ਲੋਕਾਂ ਨੂੰ ਵੀ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਅਤੇ ਉਹ ਬੜੇ ਹੈਰਾਨ ਸਨ। ਗੁਆਂਢੀਆਂ ਅਨੁਸਾਰ ਇਸ ਘਰ ਵਿਚ 10 ਸਾਲ ਤੋਂ ਘੱਟ ਉਮਰ ਦੇ 2 ਬੱਚੇ ਵੀ ਰਹਿੰਦੇ ਸਨ। ਹਾਲਾਂਕਿ ਗੋਲੀ ਚੱਲਣ ਮੌਕੇ ਉਹ ਘਰ ਵਿਚ ਨਹੀਂ ਸਨ। ਸਤਨਾਮ ਸੁਮਲ ਨੂੰ ਸੈਨਵਾਕਿਨ ਕਾਊਂਟੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ। ਉਸ ਨੂੰ ਕਤਲ ਦੇ 2 ਮਾਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਸਤਨਾਮ ਨੂੰ ਬਿਨਾਂ ਬੇਲ ਤੋਂ ਜੇਲ੍ਹ ਵਿਚ ਰੱਖਿਆ ਗਿਆ ਹੈ ਅਤੇ ਬੁੱਧਵਾਰ ਨੂੰ ਉਸ ਦੀ ਪੇਸ਼ੀ ਹੈ।