ਵੈਨਕੂਵਰ, 20 ਸਤੰਬਰ (ਪੰਜਾਬ ਮੇਲ)- ਕੈਨੇਡਾ ਦੀ ਸੱਤਾ ‘ਤੇ 2015 ਤੋਂ ਕਾਬਜ਼ ਲਿਬਰਲ ਪਾਰਟੀ ਆਗੂ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ 24 ਸਤੰਬਰ ਨੂੰ ਪੇਸ਼ ਕੀਤਾ ਜਾਵੇਗਾ। ਵਿਰੋਧੀ ਪਾਰਟੀ ਦੇ ਆਗੂ ਪੀਅਰ ਪੋਲਿਵਰ ਨੇ ਮਤੇ ਦੀ ਤਿਆਰੀ ਖਿੱਚ ਲਈ ਹੈ। ਬਹਿਸ ਪੂਰੀ ਹੋਣ ਮਗਰੋਂ ਅਗਲੇ ਦਿਨ ਇਸ ‘ਤੇ ਵੋਟਿੰਗ ਹੋਵੇਗੀ। 338 ਮੈਂਬਰੀ ਹਾਊਸ ਵਿਚ ਲਿਬਰਲ ਪਾਰਟੀ ਦੇ 154 ਮੈਂਬਰ ਹਨ ਤੇ ਟਿਕੇ ਰਹਿਣ ਲਈ ਜਸਟਿਨ ਟਰੂਡੋ ਨੂੰ 16 ਹੋਰ ਸੰਸਦ ਮੈਂਬਰਾਂ ਦੇ ਸਾਥ ਦੀ ਲੋੜ ਹੈ। ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਥੋੜੇ ਦਿਨ ਪਹਿਲਾਂ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਫ਼ੈਸਲਾ ਲੈ ਕੇ ਸਥਿਤੀ ਡਾਵਾਂ-ਡੋਲ ਕਰ ਦਿੱਤੀ ਹੈ। ਸਰਕਾਰ ਦਾ ਰਹਿੰਦਾ ਸਾਲ ਪੂਰਾ ਕਰਨ ਲਈ ਜਸਟਿਨ ਟਰੂਡੋ ਦੀ ਟੇਕ ਹੁਣ ਬਲਾਕ ਕਿਊਬਕਵਾ ਆਗੂ ‘ਤੇ ਹੈ, ਜਿਸ ਦੇ 33 ਮੈਂਬਰ ਹਨ। ਕੁਝ ਸਿਆਸੀ ਮਾਹਿਰਾਂ ਅਨੁਸਾਰ ਇਸ ਵੇਲੇ ਦੇਸ਼ ਵਿਚ ਕੰਜ਼ਰਵੇਟਿਵ ਪਾਰਟੀ ਦੀ ਲਹਿਰ ਹੋਣ ਕਰਕੇ ਨਾ ਤਾਂ ਬਲਾਕ ਕਿਊਬਕ ਵਾਲੇ ਸਰਕਾਰ ਤੋੜ ਕੇ ਮੱਧਕਾਲੀ ਚੋਣਾਂ ਦੇ ਹੱਕ ਵਿਚ ਹਨ ਤੇ ਨਾ ਹੀ ਐੱਨ.ਡੀ.ਪੀ. ਦੇ ਬਹੁਤੇ ਸੰਸਦ ਮੈਂਬਰ ਚੋਣ ਖਰਚੇ ਝੱਲਣ ਲਈ ਤਿਆਰ ਹਨ। ਸਰਕਾਰ ਆਪਣੀਆਂ ਪ੍ਰਾਪਤੀਆਂ ਗਿਣਾਉਂਦਿਆਂ ਲੋਕਾਂ ਨੂੰ ਮੱਧਕਾਲੀ ਚੋਣਾਂ ਦੇ ਖਰਚੇ ਤੋਂ ਬਚਾਅ ਲਈ ਆਵਾਜ਼ ਉਠਾਉਣ ਲਈ ਕਹਿ ਰਹੀ ਹੈ।ਬਲਾਕ ਕਿਊਬਕਵਾ ਦੇ ਆਗੂ ਇਵੈਸ ਬਲਾਂਕੇ ਨੇ ਦੋ ਦਿਨ ਪਹਿਲਾਂ ਸਰਕਾਰ ਨੂੰ ਕੁਝ ਕਰਕੇ ਦਿਖਾਉਣ ਦੀ ਗੱਲ ਕਹਿ ਕੇ ਹਮਾਇਤ ਲਈ ਆਪਣੀਆਂ ਸ਼ਰਤਾਂ ਮੰਨਣ ਦਾ ਸੰਕੇਤ ਦਿੱਤਾ ਹੈ। ਉਂਝ ਉਨ੍ਹਾਂ ਇਹ ਵੀ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੱਧਕਾਲੀ ਚੋਣਾਂ ਦੇ ਹੱਕ ਵਿਚ ਨਹੀਂ ਪਰ ਸੋਮਵਾਰ ਨੂੰ ਮਾਂਟਰੀਅਲ ਸ਼ਹਿਰ ਦੇ ਇੱਕ ਸੰਸਦੀ ਹਲਕੇ ਤੋਂ ਦਹਾਕਿਆਂ ਬਾਅਦ ਉਸ ਦੀ ਝੋਲੀ ਪਈ ਜਿੱਤ ਨੇ ਪਾਰਟੀ ਨੂੰ ਸਮੇਂ ਦੇ ਹਾਲਾਤਾਂ ਤੋਂ ਚੌਕਸ ਕਰ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਅਗਲੇ ਹਫ਼ਤੇ 170 ਤੋਂ ਵੱਧ ਮੈਂਬਰਾਂ ਦੀ ਹਮਾਇਤ ਵਾਲਾ ਧੜਾ ਕਿਸ ਦਾ ਪੱਖ ਪੂਰਦਾ ਹੈ ਪਰ ਇਹ ਨਿਸ਼ਚਤ ਹੈ ਕਿ ਜੇਕਰ ਸਰਕਾਰ ਮਤੇ ਵਾਲਾ ਸੰਕਟ ਟਾਲਣ ਵਿਚ ਸਫ਼ਲ ਹੋ ਗਈ ਤਾਂ ਉਹ ਆਪਣਾ ਰਹਿੰਦਾ ਸਮਾਂ ਜ਼ਰੂਰ ਪੂਰਾ ਕਰ ਜਾਵੇਗੀ।