ਓਟਾਵਾ, 21 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਸਰਕਾਰ ਨੂੰ ਬਚਾਉਣ ਲਈ ਹਰ ਤਰਕੀਬ ਅਪਣਾ ਰਹੇ ਹਨ। ਹੁਣ ਉਨ੍ਹਾਂ ਨੇ ਲੋਕਾਂ ਦਾ ਭਰੋਸਾ ਬਰਕਰਾਰ ਰੱਖਣ ਲਈ ਆਪਣੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਕੈਬਨਿਟ ਵਿੱਚ 8 ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ ਅਤੇ 4 ਮੰਤਰੀਆਂ ਦੀ ਭੂਮਿਕਾ ਵਿੱਚ ਤਬਦੀਲੀ ਕੀਤੀ ਗਈ ਹੈ। ਇਨ੍ਹਾਂ ਤਬਦੀਲੀਆਂ ਦੇ ਬਾਅਦ ਕੈਬਨਿਟ ‘ਚ ਪ੍ਰਧਾਨ ਮੰਤਰੀ ਦੇ ਇਲਾਵਾ ਕੁੱਲ 38 ਮੰਤਰੀ ਬਣੇ ਰਹਿਣਗੇ ਅਤੇ ਇਨ੍ਹਾਂ ‘ਚ ਔਰਤਾਂ ਅਤੇ ਪੁਰਸ਼ਾਂ ਦੀ ਗਿਣਤੀ ਬਰਾਬਰ ਹੈ। ਇਹ ਫੇਰਬਦਲ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫੇ ਤੋਂ ਕੁਝ ਦਿਨ ਬਾਅਦ ਹੋਇਆ ਹੈ। ਜੁਲਾਈ ਤੋਂ ਹੁਣ ਤੱਕ ਕੁੱਲ 9 ਮੰਤਰੀਆਂ ਨੇ ਆਪਣੇ ਅਸਤੀਫ਼ੇ ਜਾਂ ਅਗਲੀਆਂ ਫੈਡਰਲ ਚੋਣਾਂ ਤੋਂ ਹਟਣ ਦਾ ਐਲਾਨ ਕੀਤਾ ਹੈ। ਟਰੂਡੋ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਨਵੀਂ ਕੈਬਨਿਟ ਉਹਨਾਂ ਚੀਜ਼ਾਂ ਨੂੰ ਪੂਰਾ ਕਰੇਗੀ ਜੋ ਕੈਨੇਡੀਅਨਾਂ ਲਈ ਸਭ ਤੋਂ ਮਹੱਤਵਪੂਰਨ ਹਨ, ਜਿਸ ਵਿੱਚ ਜੀਵਨ ਨੂੰ ਹੋਰ ਕਿਫਾਇਤੀ ਬਣਾਉਣਾ ਅਤੇ ਆਰਥਿਕਤਾ ਨੂੰ ਵਧਾਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਮ ਰਿਹਾਇਸ਼, ਬੱਚਿਆਂ ਦੀ ਦੇਖਭਾਲ ਅਤੇ ਸਕੂਲੀ ਭੋਜਨ ‘ਤੇ ਅੱਗੇ ਵਧਦੀ ਰਹੇਗੀ। ਇਸ ਦੇ ਨਾਲ ਹੀ ਲੋਕਾਂ ਦੀਆਂ ਜੇਬਾਂ ‘ਚ ਜ਼ਿਆਦਾ ਪੈਸਾ ਪਾਉਣ ਦਾ ਕੰਮ ਕਰੇਗੀ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਕੈਨੇਡੀਅਨਾਂ ਲਈ ਇਕ ਪੱਤਰ ਪੋਸਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ 27 ਜਨਵਰੀ ਤੋਂ ਸ਼ੁਰੂ ਹੋ ਰਹੀ ਹਾਊਸ ਆਫ ਕਾਮਨਜ਼ ਦੀ ਅਗਲੀ ਬੈਠਕ ‘ਚ ਟਰੂਡੋ ਸਰਕਾਰ ਨੂੰ ਡੇਗਣ ਲਈ ਬੇਭਰੋਸਗੀ ਦਾ ਮਤਾ ਲਿਆਵੇਗੀ। ਕੰਜ਼ਰਵੇਟਿਵ ਨੇਤਾ ਪੀਅਰੇ ਪੋਲੀਵਰੇ, ਜਿਨ੍ਹਾਂ ਦੀ ਪਾਰਟੀ ਛੇਤੀ ਹੀ ਚੋਣਾਂ ਹੋਣ ‘ਤੇ ਵੱਡੇ ਬਹੁਮਤ ਨਾਲ ਜਿੱਤਣ ਦੇ ਰਾਹ ‘ਤੇ ਹੈ, ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਗਵਰਨਰ ਜਨਰਲ ਨੂੰ ਤੁਰੰਤ ਸੰਸਦ ਦੀ ਮੁੜ ਬੈਠਕ ਕਰਨ ਲਈ ਕਹਿਣਗੇ ਤਾਂ ਜੋ ਸੰਸਦ ਮੈਂਬਰ ਤੁਰੰਤ ਸਰਕਾਰ ਨੂੰ ਡੇਗ ਸਕਣ।