ਅੰਮ੍ਰਿਤਸਰ, 25 ਮਾਰਚ (ਪੰਜਾਬ ਮੇਲ)- ਪੱਛਮੀ ਏਸ਼ੀਆ ਵਿਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਜੰਗੀ ਤਣਾਅ ਨੇ ਵਿਸ਼ਵ ਭਰ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਸੰਭਾਵੀ ਜੰਗ ਦਾ ਸਿੱਧਾ ਅਸਰ ਸਰਹੱਦੀ ਸ਼ਹਿਰ ਅੰਮ੍ਰਿਤਸਰ ਦੇ ਆਰਥਿਕ, ਸਮਾਜਿਕ ਅਤੇ ਧਾਰਮਿਕ ਪੱਖਾਂ ‘ਤੇ ਪੈਣ ਦੀ ਸੰਭਾਵਨਾ ਹੈ। ਮਾਹਿਰਾਂ ਅਨੁਸਾਰ, ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਵਪਾਰ ਅਤੇ ਸੈਰ-ਸਪਾਟਾ ਵੱਡੀ ਮਾਰ ਹੇਠ ਆ ਸਕਦਾ ਹੈ। ਵਿਸ਼ਵ ਭਰ ‘ਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਗੁਰੂ ਨਗਰੀ ਇਸ ਸਮੇਂ ਗਲੋਬਲ ਸਿਆਸਤ ਦੀ ਮਾਰ ਝੱਲਣ ਦੀ ਦਹਿਲੀਜ਼ ‘ਤੇ ਖੜ੍ਹੀ ਹੈ।
ਈਰਾਨ ਦਾ ਹਵਾਈ ਖੇਤਰ ਪ੍ਰਭਾਵਿਤ ਹੋਣ ਕਾਰਨ ਅੰਮ੍ਰਿਤਸਰ ਤੋਂ ਯੂਰਪ ਅਤੇ ਖਾੜੀ ਦੇਸ਼ਾਂ ਨੂੰ ਜਾਣ ਵਾਲੀਆਂ ਹਵਾਈ ਉਡਾਣਾਂ ਦੇ ਰੂਟ ਬਦਲੇ ਜਾ ਸਕਦੇ ਹਨ। ਜਦੋਂ ਵੀ ਮੱਧ-ਪੂਰਬ ਵਿਚ ਜੰਗੀ ਹਾਲਾਤ ਬਣਦੇ ਹਨ, ਤਾਂ ਉਡਾਣਾਂ ਨੂੰ ਲੰਬੇ ਅਤੇ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਜਾਂਦਾ ਹੈ। ਇਸ ਨਾਲ ਹਵਾਈ ਰਸਤਾ ਲੰਬਾ ਹੋਣ ਕਰ ਕੇ ਸਫ਼ਰ ਦਾ ਸਮਾਂ ਲੱਗਭਗ ਦੁੱਗਣਾ ਹੋ ਸਕਦਾ ਹੈ। ਦੂਸਰੇ ਪਾਸੇ ਤੇਲ ਦੀਆਂ ਕੀਮਤਾਂ ਵਿਚ ਹੋਣ ਵਾਲੇ ਸੰਭਾਵੀ ਵਾਧੇ ਕਾਰਨ ਹਵਾਈ ਸਫ਼ਰ ਮਹਿੰਗਾ ਹੋਵੇਗਾ, ਜਿਸ ਨਾਲ ਯਾਤਰੀਆਂ ਨੂੰ ਭਾਰੀ ਵਿੱਤੀ ਮਾਰ ਪਵੇਗੀ। ਇਸ ਨਾਲ ਖ਼ਾਸ ਕਰ ਕੇ ਉਹ ਲੋਕ ਜੋ ਰੋਜ਼ੀ-ਰੋਟੀ ਲਈ ਖਾੜੀ ਦੇਸ਼ਾਂ ਵਿਚ ਰਹਿੰਦੇ ਹਨ, ਉਨ੍ਹਾਂ ਲਈ ਟਿਕਟਾਂ ਦੇ ਰੇਟ ਵਧਣਾ ਵੱਡੀ ਪ੍ਰੇਸ਼ਾਨੀ ਦਾ ਸਬਬ ਬਣ ਸਕਦਾ ਹੈ। ਏਅਰਲਾਈਨਜ਼ ਵੱਲੋਂ ਉਡਾਣਾਂ ਰੱਦ ਹੋਣ ਦੀ ਸੂਰਤ ਵਿਚ ਹਜ਼ਾਰਾਂ ਮੁਸਾਫ਼ਰ ਅੱਡਿਆਂ ‘ਤੇ ਫਸ ਸਕਦੇ ਹਨ, ਜਿਸ ਨਾਲ ਹਫੜਾ-ਦਫੜੀ ਵਾਲਾ ਮਾਹੌਲ ਬਣ ਸਕਦਾ ਹੈ।
ਇਸ ਤੋਂ ਇਲਾਵਾ ਅੰਤਰਰਾਸ਼ਟਰੀ ਅਸਥਿਰਤਾ ਕਾਰਨ ਵਾਹਗਾ ਸਰਹੱਦ ਰਾਹੀਂ ਹੋਣ ਵਾਲਾ ਸੀਮਤ ਵਪਾਰ ਵੀ ਪ੍ਰਭਾਵਿਤ ਹੋ ਸਕਦਾ ਹੈ। ਭਾਵੇਂ ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਪਹਿਲਾਂ ਹੀ ਘੱਟ ਹੈ, ਪਰ ਅੰਤਰਰਾਸ਼ਟਰੀ ਬਾਜ਼ਾਰ ਵਿਚ ਵਪਾਰਕ ਵਸਤਾਂ ਦਾ ਵਟਾਂਦਰਾ ਰੁਕਣ ਨਾਲ ਸਥਾਨਕ ਉਦਯੋਗਾਂ ਨੂੰ ਕੱਚੇ ਮਾਲ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਖ਼ਾਸ ਕਰ ਕੇ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਤੋਂ ਆਉਣ ਵਾਲੇ ਖੁਸ਼ਕ ਮੇਵਿਆਂ ਅਤੇ ਹੋਰ ਦਰਾਮਦ-ਬਰਆਮਦ ਹੋਣ ਵਾਲੀਆਂ ਚੀਜ਼ਾਂ ਦੇ ਭਾਅ ਵਧਣ ਦਾ ਖਦਸ਼ਾ ਹੈ। ਵਪਾਰੀਆਂ ਅਨੁਸਾਰ, ਜੇਕਰ ਜੰਗ ਲੱਗਦੀ ਹੈ ਤਾਂ ਸਪਲਾਈ ਚੇਨ ਪੂਰੀ ਤਰ੍ਹਾਂ ਟੁੱਟ ਜਾਵੇਗੀ, ਜਿਸ ਨਾਲ ਅੰਮ੍ਰਿਤਸਰ ਦੇ ਥੋਕ ਬਾਜ਼ਾਰਾਂ ਵਿਚ ਮੰਦੀ ਦਾ ਦੌਰ ਸ਼ੁਰੂ ਹੋ ਸਕਦਾ ਹੈ।
ਜੰਗੀ ਤਣਾਅ ਕਾਰਨ ਅੰਮ੍ਰਿਤਸਰ ਤੋਂ ਹਵਾਈ ਸਫ਼ਰ ਮਹਿੰਗਾ ਹੋਣ ਦੀ ਸੰਭਾਵਨਾ

