#AMERICA

ਜੂਨੀਅਰ ਟਰੰਪ ਵੱਲੋਂ ਬਾਇਡਨ ‘ਤੇ ਤੀਜੇ ਵਿਸ਼ਵ ਯੁੱਧ ਸ਼ੁਰੂ ਕਰਨ ਲਈ ਵਿਸ਼ਵਵਿਆਪੀ ਤਣਾਅ ਵਧਾਉਣ ਦਾ ਦੋਸ਼

ਕਿਹਾ: ਬਾਇਡਨ ਦੇ ਇਸ ਫ਼ੈਸਲੇ ਨਾਲ ਅਮਰੀਕਾ ਤੇ ਰੂਸ ਵਿਚਾਲੇ ਵਧ ਸਕਦੈ ਤਣਾਅ
ਵਾਸ਼ਿੰਗਟਨ, 20 ਨਵੰਬਰ (ਪੰਜਾਬ ਮੇਲ)- ਡੋਨਾਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਕੈਬਨਿਟ ਵੀ ਤਿਆਰ ਕਰ ਲਈ ਹੈ। ਇਸ ਦੌਰਾਨ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੇ ਇੱਕ ਫ਼ੈਸਲੇ ਨੇ ਨਵੀਂ ਬਹਿਸ ਛੇੜ ਦਿੱਤੀ ਹੈ ਪਰ ਇਸ ਬਹਿਸ ਵਿਚਕਾਰ ਟਰੰਪ ਦੇ ਬੇਟੇ ਦਾ ਬਿਆਨ ਸੁਰਖੀਆਂ ਬਟੋਰ ਰਿਹਾ ਹੈ।
ਡੋਨਾਲਡ ਟਰੰਪ ਜੂਨੀਅਰ ਨੇ ਬਾਇਡਨ ਸਰਕਾਰ ‘ਤੇ ਆਪਣੇ ਪਿਤਾ ਦੇ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਹੀ ਤੀਜਾ ਵਿਸ਼ਵ ਯੁੱਧ ਸ਼ੁਰੂ ਕਰਨ ਲਈ ਵਿਸ਼ਵਵਿਆਪੀ ਤਣਾਅ ਵਧਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਇਹ ਬਿਆਨ ਬਾਇਡਨ ਦੇ ਉਸ ਫ਼ੈਸਲੇ ਤੋਂ ਬਾਅਦ ਆਇਆ ਹੈ, ਜਿਸ ‘ਚ ਉਨ੍ਹਾਂ ਨੇ ਯੂਕਰੇਨ ਨੂੰ ਰੂਸ ਖ਼ਿਲਾਫ਼ ਅਮਰੀਕਾ ਦੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਬਾਇਡਨ ਦੇ ਇਸ ਫ਼ੈਸਲੇ ਨਾਲ ਅਮਰੀਕਾ ਅਤੇ ਰੂਸ ਵਿਚਾਲੇ ਤਣਾਅ ਵਧ ਸਕਦਾ ਹੈ।
ਰਿਪੋਰਟਾਂ ਅਨੁਸਾਰ ਉੱਤਰੀ ਕੋਰੀਆ ਨੇ ਕੁਰਸਕ ਖੇਤਰ ਵਿਚ 15,000 ਤੋਂ ਵੱਧ ਸੈਨਿਕ ਤਾਇਨਾਤ ਕੀਤੇ ਹਨ, ਜਦੋਂਕਿ ਯੂਕਰੇਨ ਕਥਿਤ ਤੌਰ ‘ਤੇ ਰੂਸ ‘ਤੇ ਇਨ੍ਹਾਂ ਮਿਜ਼ਾਈਲਾਂ ਦਾਗਣ ਦੀ ਤਿਆਰੀ ਕਰ ਰਿਹਾ ਹੈ। ਬਾਇਡਨ ਸਰਕਾਰ ਦੇ ਇਸ ਫ਼ੈਸਲੇ ਤੋਂ ਤੁਰੰਤ ਬਾਅਦ ਟਰੰਪ ਜੂਨੀਅਰ ਨੇ 18 ਨਵੰਬਰ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਫੌਜ ਅਸਲ ਵਿਚ ਤੀਸਰਾ ਵਿਸ਼ਵ ਯੁੱਧ ਸ਼ੁਰੂ ਕਰਨਾ ਚਾਹੁੰਦੀ ਹੈ, ਇਸ ਤੋਂ ਪਹਿਲਾਂ ਕਿ ਮੇਰੇ ਪਿਤਾ ਸ਼ਾਂਤੀ ਅਤੇ ਸਦਭਾਵਨਾ ਦੀ ਸਥਾਪਨਾ ਲਈ ਯਤਨ ਕਰਦੇ ਹਨ। ਦਰਅਸਲ ਬਾਇਡਨ ਸਰਕਾਰ ਨੇ ਯੂਕਰੇਨ ਦੀ ਫੌਜ ਨੂੰ ਰੂਸ ਦੀ ਉੱਤਰ-ਪੂਰਬੀ ਸਰਹੱਦ ‘ਤੇ ਅਮਰੀਕੀ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾਗਣ ਦੀ ਇਜਾਜ਼ਤ ਦੇ ਦਿੱਤੀ ਹੈ।
ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਯੂਕਰੇਨ ਨੂੰ ਰੂਸ ਦੇ ਅੰਦਰ ਹਮਲੇ ਕਰਨ ਲਈ ਅਮਰੀਕਾ ਵਿਚ ਬਣੇ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਹੁਣ ਯੂਕਰੇਨ ਦੇ ਸੈਨਿਕ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਜਾਂ ATACMS (ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ) ਦੀ ਵਰਤੋਂ ਕਰ ਸਕਣਗੇ। ਸੂਤਰਾਂ ਮੁਤਾਬਕ ਯੂਕ੍ਰੇਨ ਆਉਣ ਵਾਲੇ ਦਿਨਾਂ ‘ਚ ਰੂਸ ‘ਤੇ ਲੰਬੀ ਦੂਰੀ ਦੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬਾਇਡਨ ਨੇ ਇਹ ਕਦਮ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਦੇ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਪਹਿਲਾਂ ਚੁੱਕਿਆ ਹੈ। ਜਾਣਕਾਰੀ ਮੁਤਾਬਕ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਈ ਮਹੀਨੇ ਪਹਿਲਾਂ ਆਪਣੀ ਫੌਜ ਨੂੰ ਦੇਸ਼ ਦੀ ਸਰਹੱਦ ਤੋਂ ਰੂਸੀ ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ਲਈ ਅਮਰੀਕੀ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੀ ਬੇਨਤੀ ਕੀਤੀ ਸੀ। ਬਾਇਡਨ ਦਾ ਇਹ ਫ਼ੈਸਲਾ ਉੱਤਰੀ ਕੋਰੀਆਈ ਫੌਜਾਂ ਨੂੰ ਲੜਾਈ ਵਿਚ ਲਿਆਉਣ ਦੇ ਰੂਸ ਦੇ ਹੈਰਾਨੀਜਨਕ ਫ਼ੈਸਲੇ ਦੇ ਜਵਾਬ ਵਿਚ ਆਇਆ ਹੈ।