-ਕੇਜਰੀਵਾਲ 9 ਤੋਂ ਕਰਨਗੇ ਪ੍ਰਚਾਰ; ਭਾਜਪਾ ਦੇ ਪ੍ਰਧਾਨ ਗ਼ਾਇਬ; ਕਾਂਗਰਸ ਸਥਾਨਕ ਆਗੂਆਂ ‘ਤੇ ਨਿਰਭਰ
ਚੰਡੀਗੜ੍ਹ, 6 ਨਵੰਬਰ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਮਨੀ ਚੋਣਾਂ ਦੇ ਪ੍ਰਚਾਰ ‘ਚ ਕੁੱਦਣ ਨਾਲ ਸਿਆਸੀ ਮਾਹੌਲ ਭਖ ਗਿਆ ਹੈ। ਦੋ ਦਿਨਾਂ ਦੇ ਰੋਡ ਸ਼ੋਅ ਹੋਣ ਮਗਰੋਂ ਜ਼ਿਮਨੀ ਚੋਣਾਂ ਵਿਚ ਜੁਟੇ ‘ਆਪ’ ਆਗੂਆਂ ਅਤੇ ਵਾਲੰਟੀਅਰਾਂ ਨੇ ਵੀ ਫੁਰਤੀ ਫੜ ਲਈ ਹੈ। ਆਮ ਆਦਮੀ ਪਾਰਟੀ ਵੱਲੋਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਰਾਖਵਾਂ ਹਲਕਾ ਚੱਬੇਵਾਲ ‘ਚ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਧਰ, ਚੋਣ ਕਮਿਸ਼ਨ ਵੱਲੋਂ ਹਫ਼ਤੇ ਭਰ ਲਈ ਚੋਣ ਪ੍ਰਚਾਰ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਨਵੰਬਰ ਨੂੰ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਲਾਨੌਰ ਵਿਚ ਚੋਣ ਰੈਲੀ ਕੀਤੀ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨੇ ‘ਤੇ ਲਿਆ। ਬੀਤੇ ਦਿਨੀਂ ਬਰਨਾਲਾ ਵਿਚ ਮੁੱਖ ਮੰਤਰੀ ਨੇ ਰੋਡ ਸ਼ੋਅ ਕੀਤਾ। ਹਾਲੇ ਤੱਕ ਦੂਸਰੀਆਂ ਧਿਰਾਂ ਦਾ ਕੋਈ ਵੱਡਾ ਨੇਤਾ ਜ਼ਿਮਨੀ ਚੋਣਾਂ ਵਿਚ ਨਹੀਂ ਕੁੱਦਿਆ। ਮੁੱਖ ਮੰਤਰੀ ਦੀਆਂ ਰੈਲੀਆਂ ਨੇ ਇਨ੍ਹਾਂ ਹਲਕਿਆਂ ਦੇ ਮਾਹੌਲ ‘ਚ ਗਰਮੀ ਭਰ ਦਿੱਤੀ ਹੈ। ਮੁੱਖ ਮੰਤਰੀ ਦੇ ਭਾਸ਼ਨਾਂ ਵਿਚ ਤਿੱਖੇਪਣ ਨੂੰ ਸੰਜਮੀ ਪਾਣ ਚੜ੍ਹਿਆ ਨਜ਼ਰ ਆਇਆ। ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 8 ਨਵੰਬਰ ਨੂੰ ਪੰਜਾਬ ਆਉਣਗੇ ਅਤੇ ਮੁੱਖ ਮਹਿਮਾਨ ਵਜੋਂ ਲੁਧਿਆਣਾ ਵਿਚ ਹੋ ਰਹੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣਗੇ। ਕੇਜਰੀਵਾਲ ਅਤੇ ਭਗਵੰਤ ਮਾਨ ਸਾਂਝੇ ਤੌਰ ‘ਤੇ 9 ਨਵੰਬਰ ਨੂੰ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿਚ ਚੋਣ ਰੈਲੀਆਂ ਕਰਨਗੇ। ਇਸੇ ਤਰ੍ਹਾਂ 10 ਨਵੰਬਰ ਨੂੰ ਕੇਜਰੀਵਾਲ ਤੇ ਭਗਵੰਤ ਮਾਨ ਗਿੱਦੜਬਾਹਾ ਅਤੇ ਬਰਨਾਲਾ ਵਿਚ ਪ੍ਰਚਾਰ ਕਰਨਗੇ। ਹਲਕਾ ਗਿੱਦੜਬਾਹਾ ਵਿਚ 1.66 ਲੱਖ ਵੋਟਰ ਹਨ, ਜਿਨ੍ਹਾਂ ਵਿਚੋਂ 44 ਹਜ਼ਾਰ ਵੋਟਰ ਇਕੱਲੇ ਗਿੱਦੜਬਾਹਾ ਸ਼ਹਿਰ ਦੇ ਹਨ। ਮੁੱਖ ਮੰਤਰੀ ਨੇ ਗਿੱਦੜਬਾਹਾ ਦਾ ਚੋਣ ਮਾਹੌਲ ਦਿਲਚਸਪ ਬਣਾ ਦਿੱਤਾ ਹੈ। ਗਿੱਦੜਬਾਹਾ ਦੇ ਸਥਾਨਕ ‘ਆਪ’ ਆਗੂਆਂ ਵੱਲੋਂ ਮੁੱਖ ਮੰਤਰੀ ਦੀ ਹਲਕੇ ਵਿਚ ਚੋਣ ਪ੍ਰਚਾਰ ਲਈ ਮੰਗ ਕੀਤੀ ਜਾ ਰਹੀ ਸੀ। ਹਲਕਾ ਬਰਨਾਲਾ ‘ਚ ਰੋਡ ਸ਼ੋਅ ਮੌਕੇ ਮੁੱਖ ਮੰਤਰੀ ਨੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੂੰ ਨਿਸ਼ਾਨੇ ‘ਤੇ ਲਿਆ, ਜਦੋਂਕਿ ਗਿੱਦੜਬਾਹਾ ਹਲਕੇ ਵਿਚ ਮਨਪ੍ਰੀਤ ਬਾਦਲ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਸਿਆਸੀ ਨਿਸ਼ਾਨੇ ਲਾਏ।
ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਦੇ ਚੋਣ ਪ੍ਰਚਾਰ ਵਿਚ ਜੁਟੇ ਹੋਏ ਹਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਲੇ ਤੱਕ ਗਿੱਦੜਬਾਹਾ ਹਲਕੇ ਵਿਚੋਂ ਬਾਹਰ ਨਹੀਂ ਨਿਕਲ ਸਕੇ। ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਚੋਣ ਪਿੜ ਵਿਚ ਹਾਲੇ ਤੱਕ ਕਿਧਰੇ ਨਹੀਂ ਦਿਖੇ। ਕਾਂਗਰਸ ਦੇ ਸੀਨੀਅਰ ਆਗੂ ਸੰਦੀਪ ਸੰਧੂ ਦਾ ਕਹਿਣਾ ਸੀ ਕਿ ਜ਼ਿਮਨੀ ਚੋਣਾਂ ਵਿਚ ਸਥਾਨਕ ਆਗੂ ਹੀ ਪ੍ਰਚਾਰ ਕਰਨਗੇ ਅਤੇ ਕੋਈ ਕੌਮੀ ਨੇਤਾ ਨਹੀਂ ਆ ਰਿਹਾ। ਜ਼ਿਮਨੀ ਚੋਣਾਂ ਵਾਲੇ ਚਾਰ ਹਲਕਿਆਂ ਵਿਚ ਕੁੱਲ 6.96 ਲੱਖ ਵੋਟਰ ਹਨ। ਇਨ੍ਹਾਂ ਚਾਰ ਹਲਕਿਆਂ ਵਿਚੋਂ ਗਿੱਦੜਬਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੀ ਸੀਟ ‘ਤੇ ਪਹਿਲਾਂ ਕਾਂਗਰਸ ਕਾਬਜ਼ ਸੀ, ਜਦੋਂਕਿ ਬਰਨਾਲਾ ਸੀਟ ਪਹਿਲਾਂ ‘ਆਪ’ ਕੋਲ ਸੀ।