ਮਾਨਸਾ, 25 ਨਵੰਬਰ (ਪੰਜਾਬ ਮੇਲ)- ਪੰਜਾਬ ਵਿਚ ਜ਼ਿਮਨੀ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ 3 ਸੀਟਾਂ ‘ਤੇ ਜਿੱਤ ਹਾਸਲ ਕਰਨ ਦੇ ਬਾਵਜੂਦ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਮਿਲੀ ਹਾਰ ਕਾਰਨ ਪਾਰਟੀ ਦੇ ਮੁੱਖ ਆਗੂ ਨਿਰਾਸ਼ ਨਜ਼ਰ ਆਏ। ਮਾਲਵਾ ਖੇਤਰ ‘ਚ ਬੇਸ਼ੱਕ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਵੱਡੇ ਅੰਤਰ ਨਾਲ ਮਾਤ ਦਿੱਤੀ ਹੈ ਪਰ ‘ਆਪ’ ਆਗੂਆਂ ਨੂੰ ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ ਦੀ ਹਾਰ ਹਜ਼ਮ ਨਹੀਂ ਹੋ ਰਹੀ। ਬਰਨਾਲਾ ‘ਚ ਹੋਈ ਹਾਰ ਨੇ ਪਾਰਟੀ ਦੀਆਂ ਖੁਸ਼ੀਆਂ ਨੂੰ ਮਧੋਲ ਸੁੱਟਿਆ ਹੈ। ਇਸ ਇਲਾਕੇ ਵਿਚ ‘ਆਪ’ ਦੇ ਆਗੂ ਪਾਰਟੀ ਨੂੰ ਤਿੰਨ ਸੀਟਾਂ ‘ਤੇ ਮਿਲੀ ਜਿੱਤ ਲਈ ਕਿਤੇ ਵੀ ਖੁਸ਼ੀਆਂ ਮਨਾਉਂਦੇ ਨਹੀਂ ਵਿਖਾਈ ਦਿੱਤੇ। ਮਾਨਸਾ ਜ਼ਿਲ੍ਹੇ ਦੇ ਤਿੰਨੋਂ ਵਿਧਾਇਕਾਂ ਦੀ ਬਰਨਾਲਾ ਵਿਚ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਜਿਤਾਉਣ ਲਈ ਵਿਸ਼ੇਸ਼ ਡਿਊਟੀ ਲੱਗੀ ਹੋਈ ਸੀ ਪਰ ‘ਆਪ’ ਦੇ ਬਾਗ਼ੀ ਉਮੀਦਵਾਰ ਗੁਰਦੀਪ ਬਾਠ ਵੱਲੋਂ 16,899 ਵੋਟਾਂ ਹਾਸਲ ਕਰਨ ਕਾਰਨ ‘ਆਪ’ ਦਾ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ, ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 2157 ਵੋਟਾਂ ਦੇ ਅੰਤਰ ਨਾਲ ਹਾਰ ਗਏ ਹਨ। ਦੂਜੇ ਪਾਸੇ ਕਾਂਗਰਸ ਨੂੰ ਭਾਵੇਂ ਗਿੱਦੜਬਾਹਾ ਸਣੇ ਡੇਰਾ ਬਾਬਾ ਨਾਨਕ ਤੋਂ ਮੁੜ ਜਿੱਤਣ ਦੀ ਵੱਡੀ ਉਮੀਦ ਸੀ, ਪਰ ਆਮ ਆਦਮੀ ਪਾਰਟੀ ਵੱਲੋਂ ਲਾਈ ਗਈ ਸੰਨ੍ਹ ਕਾਰਨ ਕਾਂਗਰਸੀਆਂ ਦੇ ਹੌਂਸਲੇ ਪਸਤ ਵਿਖਾਈ ਦਿੱਤੇ। ਕਾਂਗਰਸ ਦੇ ਸੀਨੀਅਰ ਨੇਤਾ ਅਜੀਤਇੰਦਰ ਸਿੰਘ ਮੋਫ਼ਰ ਨੇ ਦੱਸਿਆ ਕਿ ਪਾਰਟੀ ਨੇ ਪੰਜਾਬ ਵਿਚ ਤਿੰਨ ਸੀਟਾਂ ਗਿੱਦੜਬਾਹਾ, ਬਰਨਾਲਾ ਅਤੇ ਡੇਰਾ ਬਾਬਾ ਨਾਨਕ ਤੋਂ ਜਿੱਤ ਯਕੀਨੀ ਮੰਨੀ ਹੋਈ ਸੀ ਪਰ ਹਾਰ ਨੇ ਆਗੂਆਂ ਨੂੰ ਨਿਰਾਸ਼ ਕਰ ਦਿੱਤਾ ਹੈ।