-ਗੁਰਪ੍ਰੀਤ ਸਿੰਘ ਭੁੱਲਰ ਨੂੰ ਸੌਂਪਿਆ ਤਰਨਤਾਰਨ ਦਾ ਵਾਧੂ ਚਾਰਜ
ਚੰਡੀਗੜ੍ਹ, 8 ਨਵੰਬਰ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਹੋਣ ਵਾਲੀ ਵੋਟਿੰਗ ਤੋਂ ਤਿੰਨ ਦਿਨ ਪਹਿਲਾਂ ਤਰਨਤਾਰਨ ਦੀ ਐੱਸ.ਐੱਸ.ਪੀ. ਡਾ. ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਮੁਅੱਤਲ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ ਗਿਆ। ਇਸ ਦੇ ਨਾਲ ਚੋਣ ਕਮਿਸ਼ਨ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਤੁਰੰਤ ਪ੍ਰਭਾਵ ਨਾਲ ਤਰਨਤਾਰਨ ਦੇ ਐੱਸ.ਐੱਸ.ਪੀ. ਦਾ ਵਾਧੂ ਚਾਰਜ ਸੌਂਪ ਦਿੱਤਾ ਹੈ।
ਦੱਸ ਦਈਏ ਕਿ ਪਿਛਲੇ ਮਹੀਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਸ.ਐੱਸ.ਪੀ. ਗਰੇਵਾਲ ਖਿਲਾਫ਼ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਅਕਾਲੀ ਦਲ ਨੇ ਦੋਸ਼ ਲਾਇਆ ਸੀ ਕਿ ਉਹ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਜ਼ਿਮਨੀ ਚੋਣ ਪ੍ਰਚਾਰ ਤੋਂ ਰੋਕਣ ਲਈ ਪੁਲਿਸ ਦੀ ਵਰਤੋਂ ਕਰਕੇ ਝੂਠੇ ਕੇਸ ਦਰਜ ਕਰਵਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੇ ਐੱਸ.ਐੱਸ.ਪੀ. ਖ਼ਿਲਾਫ਼ ਧਰਨਾ ਵੀ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਤਰਨਤਾਰਨ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ। ਨਤੀਜਿਆਂ ਦਾ ਐਲਾਨ 14 ਨਵੰਬਰ ਨੂੰ ਹੋਵੇਗਾ। ਇਹ ਸੀਟ ਜੂਨ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਖਾਲੀ ਹੋ ਗਈ ਸੀ।
ਜ਼ਿਮਣੀ ਚੋਣ: ਭਾਰਤੀ ਚੋਣ ਕਮਿਸ਼ਨ ਵੱਲੋਂ ਐੱਸ.ਐੱਸ.ਪੀ. ਤਰਨ ਤਾਰਨ ਡਾ. ਰਵਜੋਤ ਕੌਰ ਗਰੇਵਾਲ ਮੁਅੱਤਲ

