-ਉਮੀਦਵਾਰ ਦਾ ਐਲਾਨ ਕਰਦਿਆਂ ਚੌਕਸੀ ਵਰਤੇਗੀ ਭਾਜਪਾ
ਜਲੰਧਰ, 12 ਜੂਨ (ਪੰਜਾਬ ਮੇਲ)- ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿਚ ਜਿਹੜੇ ਆਗੂ ਕਰਕੇ ਉਪ ਚੋਣ ਹੋ ਰਹੀ ਹੈ, ਉਹੀ ਆਗੂ ਸ਼ੀਤਲ ਅੰਗੁਰਾਲ ਮੁੜ ਚੋਣ ਨਹੀਂ ਲੜ ਰਿਹਾ। ਹਾਲਾਂਕਿ ਭਾਜਪਾ ਵਿਚ ਗਏ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਤਾਂ ਆਪਣੇ ਭਰਾ ਦੇ ਪੋਸਟਰਾਂ ਦਾ ਡਿਜ਼ਾਇਨ ਵੀ ਤਿਆਰ ਕਰਵਾ ਲਿਆ ਸੀ ਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਵੀ ਪਾ ਦਿੱਤਾ ਸੀ ਪਰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਹੈ। ਭਾਜਪਾ ਵਿਚ ਉਮੀਦਵਾਰ ਨੂੰ ਲੈ ਕੇ ਬੇਯਕੀਨੀ ਬਣੀ ਹੋਈ ਹੈ।
ਭਾਜਪਾ ਦੇ ਜਨਰਲ ਸਕੱਤਰ (ਸੰਗਠਨ) ਪੰਜਾਬ ਸ੍ਰੀਨਿਵਾਸਨ ਦੇ ਜਲੰਧਰ ਆਉਣ ਦੀ ਉਮੀਦ ਹੈ। ਸਾਬਕਾ ਕੌਂਸਲਰ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਸਿਵਲ ਹਸਪਤਾਲ ਦੇ ਸੇਵਾਮੁਕਤ ਡਾਕਟਰ ਤੇ ‘ਆਪ’ ਆਗੂ ਡਾ. ਸ਼ਿਵ ਦਿਆਲ ਮਾਲੀ ਅਤੇ ਸਾਬਕਾ ਕੌਂਸਲਰ ਵਰਜੇਸ਼ ਮਿੰਟੂ ਦਾ ਨਾਂ ਵੀ ਚਰਚਾ ਵਿਚ ਹੈ। ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਕਿਸੇ ਵੇਲੇ ਕੱਟੜ ਦੁਸ਼ਮਣ ਸਨ ਪਰ ਦੋ ਮਹੀਨੇ ਪਹਿਲਾਂ ਚੰਗੇ ਸਿਆਸੀ ਦੋਸਤ ਬਣ ਗਏ ਸਨ। ਹੁਣ ਜਦੋਂ ਅੰਗੁਰਾਲ ਅਤੇ ਰਿੰਕੂ ਦੀ ਪਤਨੀ ਉਪ ਚੋਣ ਵਿਚ ਟਿਕਟ ਲੈਣ ਲਈ ਆਹਮੋ-ਸਾਹਮਣੇ ਹਨ, ਤਾਂ ਉਹ ਫਿਰ ਸਿਆਸੀ ਦੁਸ਼ਮਣ ਬਣ ਗਏ ਹਨ। ਪਾਰਟੀ ਇਸ ਗੱਲੋਂ ਚੌਕਸ ਹੈ ਕਿ ਸ਼ੀਤਲ ਅੰਗੁਰਾਲ ਕਮਿਸ਼ਨਰੇਟ ਪੁਲਿਸ ਦੇ ਰਾਡਾਰ ‘ਤੇ ਹਨ ਤੇ ਉਸ ਵਿਰੁੱਧ ਕਿਸੇ ਵੇਲੇ ਵੀ ਕੇਸ ਦਰਜ ਹੋ ਸਕਦਾ ਹੈ। ਕਾਂਗਰਸੀ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਵੀ ਹਲਕੇ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ।
ਜਲੰਧਰ ਜ਼ਿਮਨੀ ਚੋਣ: ਉਮੀਦਵਾਰ ਨੂੰ ਲੈ ਕੇ ਭਾਜਪਾ ਵਿਚ ਬੇਯਕੀਨੀ!
