#SPORTS

ਜਰਖੜ ਖੇਡਾਂ ਦੀਆਂ ਤਰੀਕਾਂ ਐਲਾਨੀਆਂ

36ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ 19 ,20 ਅਤੇ 21 ਜਨਵਰੀ 2024 ਨੂੰ ਹੋਣਗੀਆਂ ।
ਲੁਧਿਆਣਾ, 2 ਦਸੰਬਰ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਦੀ ਜ਼ਰੂਰੀ ਮੀਟਿੰਗ ਅੱਜ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਜਰਖੜ ਖੇਡ ਸਟੇਡੀਅਮ ਵਿਖੇ ਹੋਈ ।
ਮੀਟਿੰਗ ਦੀ ਕਾਰਵਾਈ ਬਾਰੇ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ 36ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਇਸ ਵਾਰ 19, 20 ਅਤੇ 21 ਜਨਵਰੀ 2024 ਨੂੰ 6 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਹੋਣਗੀਆਂ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜਰਖੜ ਖੇਡਾਂ ਵਿਚ ਪ੍ਰਮੁੱਖ ਖੇਡਾਂ ਹਾਕੀ ਮੁੰਡੇ ਅਤੇ ਕੁੜੀਆਂ, ਹਾਕੀ ਸਬ ਜੂਨੀਅਰ, ਕਬੱਡੀ, ਕੁਸ਼ਤੀਆਂ, ਵਾਲੀਬਾਲ ਸ਼ੂਟਿੰਗ ਤੋਂ ਇਲਾਵਾ ਸਕੂਲੀ ਬੱਚਿਆਂ ਦੀਆਂ ਖੇਡਾਂ ਰੱਸਾਕਸੀ, ਅਥਲੈਟਿਕਸ, ਵਾਲੀਵਾਲ, ਵੇਟਲਿਫਟਿੰਗ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਵੱਖ-ਵੱਖ ਖੇਡਾਂ ਕਰਵਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ, ਤਾਂ ਜੋ ਵੱਖ-ਵੱਖ ਸਕੂਲਾਂ ਨਾਲ ਸੰਪਰਕ ਕਰਨਗੀਆਂ, ਤਾਂ ਜੋ ਸਕੂਲੀ ਬੱਚਿਆਂ ਦੀ ਵੱਧ ਤੋਂ ਵੱਧ ਖੇਡਾਂ ਵਿਚ ਹਿੱਸੇਦਾਰੀ ਪਾਈ ਜਾਵੇ। ਇਸ ਤੋਂ ਇਲਾਵਾ ਖੇਡਾਂ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ ‘ਤੇ ਹੋਣ ਵਾਲੇ ਸੱਭਿਆਚਾਰ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਫਾਈਨਲ ਸਮਾਰੋਹ ਤੇ ਕਿਸੇ ਨਾਮੀ ਗਾਇਕ ਦਾ ਅਖਾੜਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਖੇਡਾਂ ਦੀ ਸਪਾਂਸਰਸ਼ਿਪ ਬਾਰੇ ਕਾਰਪੋਰੇਟ ਹਾਊਸ ਕੋਕਾ ਕੋਲਾ, ਏਵਨ ਸਾਈਕਲ, ਓ ਐੱਨ.ਜੀ.ਸੀ. ਗੈਸ ਕੰਪਨੀ ਆਦਿ ਹੋਰ ਵੱਡੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ।
ਅੱਜ ਦੀ ਮੀਟਿੰਗ ਵਿਚ ਟਰੱਸਟ ਦੇ ਪ੍ਰਮੁੱਖ ਅਹੁਦੇਦਾਰਾਂ ਇੰਸਪੈਕਟਰ ਬਲਵੀਰ ਸਿੰਘ ਹੀਰ, ਪ੍ਰੋਫੈਸਰ ਰਜਿੰਦਰ ਸਿੰਘ ਖ਼ਾਲਸਾ ਕਾਲਜ, ਸਾਬਕਾ ਸਰਪੰਚ ਦਪਿੰਦਰ ਸਿੰਘ ਡਿੰਪੀ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਹਿਲਵਾਨ ਹਰਮੇਲ ਸਿੰਘ ਕਾਲਾ, ਸ਼ਿੰਗਾਰਾ ਸਿੰਘ ਜਰਖੜ, ਗਾਇਕ ਸੁਮਿਤ ਸਿੰਘ ਐਡਵੋਕਟ, ਦਲਵਿੰਦਰ ਸਿੰਘ, ਕੋਚ ਮਨਪ੍ਰੀਤ ਸਿੰਘ, ਗੁਰਸਤਿੰਦਰ ਸਿੰਘ ਪਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਗੁਰਤੇਜ ਸਿੰਘ ਮੁੱਕੇਬਾਜ ਕੋਚ, ਸਾਹਿਬਜੀਤ ਸਿੰਘ ਜਰਖੜ, ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।