#PUNJAB

ਚੀਫ਼ ਖ਼ਾਲਸਾ ਦੀਵਾਨ ਦੀਆਂ Election ਕਰਵਾਉਣ ਦਾ ਫੈਸਲਾ

ਅੰਮ੍ਰਿਤਸਰ, 30 ਜਨਵਰੀ (ਪੰਜਾਬ ਮੇਲ)- ਇਥੇ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ 18 ਫਰਵਰੀ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਹ ਮੀਟਿੰਗ ਦੀਵਾਨ ਦੇ ਗੁਰਦੁਆਰੇ ਵਿਚ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਵਲੋਂ ਏਜੰਡਾ ਪੇਸ਼ ਕੀਤਾ ਗਿਆ। ਇਸ ਉਪਰੰਤ ਚੀਫ਼ ਖ਼ਾਲਸਾ ਦੀਵਾਨ ਜਨਰਲ ਕਮੇਟੀ ਦੀ ਚੋਣ ਦੀ ਮਿਤੀ ਅਤੇ ਵਿਧੀ ਨਿਰਧਾਰਤ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਡਾ. ਨਿੱਝਰ ਨੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਦੇ ਸੰਵਿਧਾਨ ਅਨੁਸਾਰ ਜਨਰਲ ਕਮੇਟੀ ਦੀ ਮਿਆਦ 17 ਫਰਵਰੀ ਨੂੰ ਖਤਮ ਹੋਣ ਜਾ ਰਹੀ ਹੈ ਅਤੇ ਸੰਵਿਧਾਨ ਦੇ ਨਿਯਮ 13 ਮੁਤਾਬਿਕ ਦੀਵਾਨ ਅਹੁਦੇਦਾਰਾਂ ਇਕ ਪ੍ਰਧਾਨ, ਦੋ ਮੀਤ ਪ੍ਰਧਾਨ, ਇਕ ਸਥਾਨਕ ਪ੍ਰਧਾਨ, ਦੋ ਆਨਰੇਰੀ ਸਕੱਤਰਾਂ ਦੀ ਚੋਣ ਪੰਜ ਸਾਲ ਬਾਅਦ ਹੋਣੀ ਚਾਹੀਦੀ ਹੈ। ਉਨ੍ਹਾਂ ਵੱਲੋਂ ਮੀਟਿੰਗ ਵਿਚ ਇਹ ਚੋਣ 18 ਫਰਵਰੀ ਨੂੰ ਕਰਵਾਉਣ ਦੀ ਤਜਵੀਜ਼ ਰੱਖੀ ਗਈ ਹੈ, ਜਿਸ ਨੂੰ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਮਹਿੰਦਰ ਸਿੰਘ (ਸਾਬਕਾ ਵਧੀਕ ਸਕੱਤਰ, ਐੱਸ.ਜੀ.ਪੀ.ਸੀ.) ਨੂੰ ਚੋਣ ਅਧਿਕਾਰੀ ਅਤੇ ਇੰਜਨੀਅਰ ਜਸਪਾਲ ਸਿੰਘ, ਪ੍ਰੋ. ਸੁਖਬੀਰ ਸਿੰਘ ਅਤੇ ਐਡਵੋਕੇਟ ਇੰਦਰਜੀਤ ਸਿੰਘ ਅੜੀ ਨੂੰ ਰਿਟਰਨਿੰਗ ਅਧਿਕਾਰੀ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ।